ਕੌਮੀ ਲੋਕ ਅਦਾਲਤ ਵਿੱਚ ਜ਼ਿਲ੍ਹੇ ਵਿੱਚ 3195 ਕੇਸਾਂ ਦਾ ਮੌਕੇ ’ਤੇ ਨਿਪਟਾਰਾ

ਜਸਟਿਸ ਐਨ.ਐਸ. ਸ਼ੇਖਾਵਤ ਵੱਲੋਂ ਕੌਮੀ ਲੋਕ ਅਦਾਲਤ ਦੇ ਵੱਖ-ਵੱਖ ਬੈਂਚਾਂ ਦਾ ਜਾਇਜ਼ਾ
10 ਬੈਚਾਂ ਵੱਲੋ  9,56,54,362 ਰੁਪਏ ਦੇ ਅਵਾਰਡ ਸੁਣਾਏ ਗਏ

ਨਵਾਂਸ਼ਹਿਰ, 13 ਮਈ : ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਨਵਾਂਸ਼ਹਿਰ ਅਤੇ ਬਲਾਚੌਰ ਵਿਖੇ ਲਾਈ ਗਈ ਕੌਮੀ ਲੋਕ ਅਦਾਲਤ ਦੌਰਾਨ 3195 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਇਸ ਕੌਮੀ ਲੋਕ ਅਦਾਲਤ ਦੌਰਾਨ 3819 ਕੇਸ ਸੁਣਵਾਈ ਲਈ ਲੱਗੇ ਸਨ।
      ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਬਲਾਚੌਰ ਅਤੇ ਨਵਾਂਸ਼ਹਿਰ ਵਿਖੇ ਲਾਈ ਗਈ ਕੌਮੀ ਲੋਕ ਅਦਾਲਤ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ, ਜਸਟਿਸ ਐਨ ਐਸ ਸ਼ੇਖਾਵਤ, ਇੰਸਪੈਕਟਿੰਗ ਜੱਜ, ਸ਼ਹੀਦ ਭਗਤ ਸਿੰਘ ਨਗਰ ਸੈਸ਼ਨ ਡਵੀਜ਼ਨ, ਵੱਲੋਂ ਜ਼ਿਲ੍ਹੇ ਦਾ ਦੌਰਾ ਕਰਕੇ ਕੌਮੀ ਲੋਕ ਅਦਾਲਤ ਦੌਰਾਨ ਲਾਏ ਗਏ 10 ਬੈਂਚਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੂੰ ਪਹਿਲਾਂ ਬਲਾਚੌਰ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ 'ਗਾਰਡ ਆਫ ਆਨਰ' ਪੇਸ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਵਲੋਂ ਜਸਟਿਸ ਸ਼ੇਖਾਵਤ ਦਾ ਸੁਆਗਤ ਕੀਤਾ ਗਿਆ।
        ਜਸਟਿਸ ਸ਼ੇਖਾਵਤ ਨੇ ਇਸ ਮੌਕੇ ਹਰੇਕ ਬੈਂਚ ਨਾਲ ਕੁੱਝ ਸਮਾਂ ਬਿਤਾਇਆ ਅਤੇ ਬੈਂਚ ਦੇ ਮੁਖੀ ਜੁਡੀਸ਼ਲ ਅਫ਼ਸਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਧਿਆਨ ਨਾਲ ਦੇਖਿਆ। ਉਨ੍ਹਾਂ ਕਿਹਾ ਕਿ ਕੌਮੀ ਲੋਕ ਅਦਾਲਤ ਦਾ ਸੰਕਲਪ ਆਮ ਲੋਕਾਂ ਨੂੰ ਬਿਨਾਂ ਦੇਰੀ ਅਤੇ ਸਸਤਾ ਨਿਆਂ ਮੁੱਹਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦਾ ਵਿਸ਼ੇਸ਼ ਮੰਤਵ ਸਮਝੌਤੇ, ਆਪਸੀ ਰਾਜੀਨਾਮੇ ਰਾਹੀ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣਾ ਹੈ ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ ਤੇ ਲੋਕਾਂ ਵਿੱਚ ਆਪਸੀ ਭਾਈਚਾਰਾ ਅਤੇ ਪਿਆਰ ਬਣਿਆ ਰਹੇ।
    ਜ਼ਿਲ੍ਹਾ ਤੇ ਸੈਸ਼ਨ ਜੱਜ ਬਾਜਵਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਦੌਰਾਨ ਨਵਾਂਸ਼ਹਿਰ ਅਤੇ ਬਲਾਚੌਰ ਵਿਖੇ ਕ੍ਰਮਵਾਰ 09 ਤੇ 01 ਬੈਂਚ ਲਾਏ ਗਏ ਸਨ, ਜਿਨ੍ਹਾਂ ਵਲੋਂ 3195 ਮੁਕੱਦਮਿਆਂ ਦਾ ਨਿਪਟਾਰਾ ਕਰਦਿਆ 9,56,54,362/- ਰੁਪਏ ਦੇ ਅਵਾਰਡ ਸੁਣਾਏ ਗਏ । ਇਨ੍ਹਾਂ ਬੈਂਚਾਂ ਦੀ ਅਗਵਾਈ ਮਿਸ ਜਤਿੰਦਰ ਕੌਰ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ), ਕੁਲਜੀਤ ਸਿੰਘ, ਪ੍ਰਧਾਨ, ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਕਰੂਨੇਸ਼  ਕੁਮਾਰ, ਵਧੀਕ ਜ਼ਿਲ੍ਹਾ ਤੇ ਸ਼ੈਸਨ ਜੱਜ-1, ਮਿਸ ਪਰਮਿੰਦਰ ਕੌਰ, ਸਿਵਲ ਜੱਜ (ਸੀਨੀਅਰ ਡੀਵੀਜ਼ਨ), ਜਗਬੀਰ ਸਿੰਘ ਮਹਿੰਦੀਰੱਤਾ, ਚੀਫ ਜੂਡੀਸ਼ੀਅਲ ਮੈਜਿਸਟਰੇਟ, ਕੋਂਪਲ ਧੰਜਲ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ), ਮਿਸ ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡੀਵੀਜਨ), ਸਰਵੇਸ਼ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਸੁਖਵਿੰਦਰ ਸਿੰਘ, ਸਬ-ਡਵੀਜ਼ਨਲ ਜੂਡੀਸ਼ੀਅਲ ਮੈਜਿ੍ਰਸਟਰੇਟ ਬਲਾਚੌਰ ਵੱਲੋਂ ਕੀਤੀ ਗਈ ਅਤੇ ਇਨ੍ਹਾਂ ਬੈਚਾਂ ਦੇ ਨਾਲ ਮੈਂਬਰ ਦੇ ਤੌਰ 'ਤੇ ਐਡਵੋਕੇਟ ਸ਼ਾਮਲ ਸਨ।
        ਬਾਅਦ ਵਿੱਚ ਜਸਟਿਸ ਐਨ ਐਸ ਸ਼ੇਖਾਵਤ ਨੇ ਨਵਾਂਸ਼ਹਿਰ ਵਿਖੇ ਨਵੇਂ ਬਣੇ ਜੁਡੀਸ਼ਲ ਕੰਪਲੈਕਸ ਦਾ ਦੌਰਾ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਮੌਜੂਦ ਸਨ।