ਪਟਿਆਲਾ, 8 ਮਈ: ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 03.05.2023 ਨੂੰ ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਿਸ ਨੂੰ ਪੁੱਡਾ ਗਰਾਊਂਡ ਪਟਿਆਲਾ ਪਿੱਛੇ ਰਾਹਤ ਮੈਡੀਕੇਅਰ ਪਟਿਆਲਾ ਵਿਖੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਜੋ ਕਿ ਲਾਸ਼ ਦੇ ਸਿਰ ਅਤੇ ਬਾਂਹਾਂ 'ਤੇ ਸੱਟਾਂ ਦੇ ਨਿਸ਼ਾਨ ਸਨ ਜੋ ਕਿ ਮ੍ਰਿਤਕ ਦੀ ਪਹਿਚਾਣ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਉਪਰਾਲੇ ਕਰਨੇ ਸ਼ੁਰੂ ਕੀਤੇ ਗਏ ਜਿਸ ਦੌਰਾਨ ਮਿਤੀ 05-05-2023 ਨੂੰ ਮ੍ਰਿਤਕ ਵਿਅਕਤੀ ਦੀ ਪਹਿਚਾਣ ਮੁਕੇਸ਼ ਕੁਮਾਰ ਪੁੱਤਰ ਰਾਮ ਸਿੰਘ ਵਾਸੀ ਪਿੰਡ ਸਥਿਨ ਜ਼ਿਲ੍ਹਾ ਅਮੇਠੀ (ਯੂ.ਪੀ) ਹਾਲ ਵਾਸੀ ਕਿਰਾਏਦਾਰ ਆਨੰਦ ਨਗਰ ਬੀ ਪਟਿਆਲਾ ਵਜੋਂ ਹੋਈ ਜੋ ਕਿ ਪੇਂਟ ਕਰਨ ਦੇ ਠੇਕੇਦਾਰ ਵਜੋਂ ਕੰਮਕਾਰ ਕਰਦਾ ਸੀ ਅਤੇ ਮਿਤੀ 01-05-2023 ਤੋ ਰਾਤ ਕਰੀਬ 11-00 ਵਜੇ ਤੋ ਲਾਪਤਾ ਸੀ। ਉਸ ਦਿਨ ਮ੍ਰਿਤਕ ਦੇ ਵਾਰਸਾਂ ਵੱਲੋਂ ਕਿਸੇ 'ਤੇ ਕੋਈ ਸ਼ੱਕ ਸੁਭਾਅ ਨਾਂ ਹੋਣ ਕਰਕੇ ਉਕਤ ਲਾਸ਼ ਸਬੰਧੀ ਅ/ਧ 174 ਜਾਂ:ਫੌਜ:ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਪ੍ਰੰਤੂ ਦੌਰਾਨੇ ਪੋਸਟ ਮਾਰਟਮ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਮੁਕੇਸ਼ ਕੁਮਾਰ ਦੇ ਸਿਰ ਅਤੇ ਉਪਰੀ ਹਿੱਸੇ 'ਤੇ ਕਰੀਬ 18 ਸੱਟਾਂ ਲੱਗੀਆਂ ਹੋਈਆ ਹਨ ਅਤੇ ਮਰਨ ਵਾਲੇ ਵਿਅਕਤੀ ਕੋਲ ਇਕ ਮੋਬਾਇਲ ਫ਼ੋਨ ਅਤੇ ਕੁਝ ਨਗਦੀ ਵੀ ਸੀ ਜਿਸ ਸਬੰਧੀ ਮਾਮਲਾ ਸ਼ੱਕੀ ਜਾਪਦਾ ਹੋਣ ਕਾਰਨ ਮੁਕੱਦਮਾ ਨੰ: 144 ਮਿਤੀ 07-05-2023 ਅ/ਧ 302,379-ਬੀ,34 ਹਿੰ:ਦੰ: ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਸਬੰਧੀ ਮੁਹੰਮਦ ਸਰਫ਼ਰਾਜ਼ ਆਲਮ,ਕਪਤਾਨ ਪੁਲਿਸ, ਸਿਟੀ ਪਟਿਆਲਾ ਦੀ ਰਹਿਨੁਮਾਈ ਹੇਠ, ਸ੍ਰੀ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ, ਸਿਟੀ-2, ਪਟਿ: ਅਤੇ ਸ੍ਰੀ ਜਸ਼ਨਦੀਪ ਸਿੰਘ ਮਾਨ ਡੀ.ਐਸ.ਪੀ.ਪ੍ਰੋਬੇਸ਼ਨਰ ਦੀ ਨਿਗਰਾਨੀ ਹੇਠ ਇੰਸ: ਪ੍ਰਦੀਪ ਸਿੰਘ ਬਾਜਵਾ, ਮੁੱਖ ਅਫ਼ਸਰ ਥਾਣਾ ਤ੍ਰਿਪੜੀ ਪਟਿਆਲਾ ਵੱਲੋਂ ਆਪਣੀ ਟੀਮ ਨਾਲ ਸਖਤ ਮਿਹਨਤ ਕਰਦੇ ਹੋਏ ਅਤੇ ਤਕਨੀਕੀ ਢੰਗ ਨਾਲ ਉਕਤ ਮ੍ਰਿਤਕ ਮੁਕੇਸ਼ ਕੁਮਾਰ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜਿਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 01-05-2023 ਨੂੰ ਮੁਕੇਸ਼ ਕੁਮਾਰ ਉਕਤ ਆਪਣੇ ਮਾਲਕਾਂ ਪਾਸੋਂ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ ਕਰੀਬ 3000/-ਰੁਪਏ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਤ੍ਰਿਪੜੀ ਪੁੱਡਾ ਗਰਾਊਂਡ ਸ਼ਰਾਬ ਦੇ ਠੇਕੇ ਪਾਸ ਪੁੱਜਾ ਤਾਂ ਉਸ ਪਾਸ ਪੈਸੇ ਅਤੇ ਮੋਬਾਇਲ ਫ਼ੋਨ ਦੇਖ ਕੇ ਸ਼ਾਕਸੀ ਨਾਮ ਦੀ ਲੜਕੀ ਵੱਲੋਂ ਉਸ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਗਿਆ ਅਤੇ ਗੱਲਾਂ ਵਿਚ ਲਗਾ ਕੇ ਉਸ ਨੂੰ ਸ਼ਰਾਬ ਦੇ ਠੇਕੇ ਦੇ ਪਿਛਲੇ ਪਾਸੇ ਉਜਾੜ ਜਗ੍ਹਾ ਪਰ ਲੈ ਗਈ ਜਿਥੇ ਪਹਿਲਾਂ ਹੀ ਦੋਸ਼ੀਆਂ ਬਲਜੀਤ ਸਿੰਘ ਉਰਫ਼ ਬੰਟੀ ਪੁੱਤਰ ਅਜਮੇਰ ਸਿੰਘ ਅਤੇ ਗੌਰਵ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀਆਂ ਪਟਿਆਲਾ ਘਾਤ ਲਗਾ ਕੇ ਹਨੇਰੇ ਵਿਚ ਬੈਠੇ ਸਨ ਜੋ ਕਿ ਮੌਕਾ ਪਾਉਂਦੇ ਹੀ ਉਹਨਾਂ ਵੱਲੋਂ ਮੁਕੇਸ਼ ਕੁਮਾਰ ਉਕਤ ਪਰ ਪੱਥਰ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬੇਰਹਿਮੀ ਅਤੇ ਬੇਕਿਰਕੀ ਨਾਲ ਕਤਲ ਕਰਕੇ ਉੱਥੇ ਹੀ ਸੁੰਨੀ ਜਗ੍ਹਾ ਵਿਚ ਸੁੱਟ ਦਿੱਤਾ ਅਤੇ ਉਸ ਦਾ ਮੋਬਾਇਲ ਫ਼ੋਨ ਰੈਡਮੀ ਅਤੇ ਨਗਦੀ ਆਦਿ ਖੋਹ ਕਰਕੇ ਮੌਕਾ ਤੋ ਫ਼ਰਾਰ ਹੋ ਗਏ। ਜੋ ਕਿ ਪਟਿਆਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਉੱਚ ਪੱਧਰੀ ਤਕਨੀਕ ਦੇ ਸਹਾਰੇ ਪਹਿਲਾਂ ਪ੍ਰਵਾਸੀ ਮਜ਼ਦੂਰ ਦੀ ਸ਼ਨਾਖ਼ਤ ਕੀਤੀ ਗਈ ਅਤੇ ਫਿਰ ਉਸ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਨਾਲ ਹੀ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜੋ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਔਰਤਾਂ ਦੀ ਮਦਦ ਨਾਲ ਹਨੇਰੇ ਦਾ ਫ਼ਾਇਦਾ ਚੱਕ ਦੇ ਹੋਏ ਲੁੱਟ ਕਰਨ ਦੀ ਨੀਅਤ ਨਾਲ ਸੱਟਾਂ ਮਾਰ ਕੇ ਉਹਨਾਂ ਪਾਸੋਂ ਲੁੱਟ ਖੋਹ ਕਰਕੇ ਫ਼ਰਾਰ ਹੋ ਜਾਂਦੇ ਹਨ ਜਿਸ ਸਬੰਧੀ 2 ਦੋਸ਼ੀਆਂ ਉਕਤ ਨੂੰ ਇਤਲਾਹ ਮਿਲਣ ਤੋ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਮ੍ਰਿਤਕ ਪਾਸੋਂ ਖੋਹਿਆ ਗਿਆ ਮੋਬਾਇਲ ਫ਼ੋਨ ਰੈਡਮੀ ਬਰਾਮਦ ਕੀਤਾ ਗਿਆ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਸਬੰਧੀ ਟੀਮਾਂ ਗਠਿਤ ਕਰਕੇ ਭੇਜੀਆਂ ਗਈਆਂ ਹਨ।