ਮੋਟਰ ਸਾਈਕਲ ਦੇ ਸਾਈਲੈਂਸਰ ਨਾਲ ਛੇੜਛਾੜ ਅਤੇ ਸਟੰਟ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
ਹੁਸ਼ਿਆਰਪੁਰ, 21 ਮਈ: ਗਲੋਬਲ ਰੋਡ ਸੇਫਟੀ ਸਪਤਾਹ ਦੌਰਾਨ ਮੋਟਰ ਵਹੀਕਲ ਇੰਸਪੈਕਟਰ
(ਐਮ.ਵੀ.ਆਈ) ਦਵਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਹੁਸ਼ਿਆਰਪੁਰ ਸੁਰਿੰਦਰ ਸਿੰਘ
ਨੇ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਮੋਟਰ ਸਾਈਕਲ ਸਵਾਰਾਂ ਵਲੋਂ ਅਜੀਬੋ-ਗਰੀਬ ਆਵਾਜ਼
ਵਾਲੇ ਸਾਈਲੈਂਸਰ ਲਗਾ ਕੇ ਅਸਲੀ ਸਾਈਲੈਂਸਰ ਦੀ ਮੋਡੀਫਿਕੇਸ਼ਨ ਕਰਵਾ ਕੇ ਚਲਾਉਣ ਨਾਲ
ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਸੜਕ 'ਤੇ ਸਾਈਲੈਂਸਰ ਦੀ
ਅਚਾਨਕ ਅਜੀਬੋ-ਗਰੀਬ ਆਵਾਜ਼ ਨਾਲ ਆਮ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ
ਇਸ ਤਰ੍ਹਾਂ ਦੇ ਸਾਈਲੈਂਸਰ ਲਗਾਉਣ ਦੇ ਨਾਲ-ਨਾਲ ਬਾਈਕ ਸਵਾਰ ਸਟੰਟ ਵੀ ਦਿਖਾਉਂਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੋਟਰ ਸਾਈਕਲ ਦੇ ਅਸਲੀ
ਸਾਈਲੈਂਸਰ ਨੂੰ ਮੋਡੀਫਿਕੇਸ਼ਨ ਨਾ ਕਰਵਾਉਣ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸਟੰਟ ਕਰਕੇ
ਆਪਣੀ ਅਤੇ ਦੂਜਿਆਂ ਦੀ ਜਾਨ ਜ਼ੋਖਿਮ ਵਿਚ ਪਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ
ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਐਮ.ਵੀ.ਆਈ ਤੇ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਕਰਨ
ਵਾਲਿਆਂ ਲਈ ਆਈ.ਪੀ.ਸੀ ਤਹਿਤ ਅੱਠ ਦਿਨ ਤੱਕ ਦੀ ਕੈਦ ਅਤੇ ਜ਼ੁਰਮਾਨੇ ਦਾ ਪ੍ਰਾਵਧਾਨ ਹੈ।
ਇਸ ਤਹਿਤ ਪੁਲਿਸ ਕਰਮਚਾਰੀ ਬਿਨ੍ਹਾਂ ਵਾਰੰਟ ਗ੍ਰਿਫਤਾਰ ਕਰ ਸਕਦੇ ਹਨ। ਇਸ ਤੋਂ ਇਲਾਵਾ
ਵਹੀਕਲ ਐਕਟ ਅਤੇ ਇੰਡੀਅਨ ਪੀਨਲ ਕੋਡ ਤਹਿਤ ਬਾਈਕ 'ਤੇ ਸਟੰਟ ਕਰਨਾ ਵੀ ਸਜ਼ਾਯੋਗ ਅਪਰਾਧ
ਹੈ। ਉਨ੍ਹਾਂ ਕਿਹਾ ਕਿ ਬਾਈਕ 'ਤੇ ਸਟੰਟ ਕਰਨਾ ਖ਼ਤਰਨਾਕ ਡਰਾਈਵਿੰਗ ਵਾਂਗ ਹੈ, ਜੋ ਕਿ
ਮੋਟਰ ਵਹੀਕਲ ਐਕਟ ਤਹਿਤ ਵੱਧ ਰਫ਼ਤਾਰ ਨਾਲ ਗੱਡੀ ਚਲਾਉਣਾ ਵੀ ਸਜਾਯੋਗ ਅਪਰਾਧ ਹੈ।
ਮੋਟਰ ਵਹੀਕਲ ਐਕਟ ਦੀ ਧਾਰਾ 184 ਅਨੁਸਾਰ ਪਹਿਲੇ ਅਪਰਾਧ ਲਈ ਇਕ ਹਜ਼ਾਰ ਰੁਪਏ ਜ਼ੁਰਮਾਨਾ
ਅਤੇ ਦੁਬਾਰਾ ਅਪਰਾਧ ਕਰਨ ਲਈ ਦੋ ਹਜ਼ਾਰ ਰੁਪਏ ਜ਼ੁਰਮਾਨੇ ਦੀ ਵਿਵਸਥਾ ਹੈ। ਇਸ ਤੋਂ
ਇਲਾਵਾ ਧਾਰਾ 183 ਤਹਿਤ ਪਹਿਲੀ 400 ਰੁਪਏ ਜ਼ੁਰਮਾਨਾ ਅਤੇ ਦੁਹਰਾਉਣ 'ਤੇ ਇਕ ਹਜ਼ਾਰ
ਰੁਪਏ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਮੋਟਰ ਸਾਈਕਲ 'ਤੇ ਸਟੰਟ
ਦਿਖਾਉਣ ਨਾਲ ਵਿਅਕਤੀ ਦੀ ਜਾਨ ਖ਼ਤਰੇ ਵਿਚ ਪੈ ਜਾਂਦੀ ਹੈ ਅਤੇ ਸਪੀਡ ਬੇਕਾਬੂ ਰਹਿੰਦੀ
ਹੈ, ਇਸ ਲਈ ਦੋਵੇਂ ਧਾਰਾਵਾਂ ਦੇ ਨਾਲ-ਨਾਲ ਇਹ ਐਕਟ ਭਾਰਤੀ ਦੰਡਾਵਲੀ ਦੀ ਧਾਰਾ 279
ਤਹਿਤ ਵੀ ਸਜਾਯੋਗ ਅਪਰਾਧ ਹੈ। ਇਸ ਤਹਿਤ ਦੋਸ਼ੀ ਨੂੰ 6 ਮਹੀਨੇ ਤੱਕ ਦੀ ਕੈਦ ਜਾਂ ਇਕ
ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਲ।