ਸਿੱਧੀ ਭਰਤੀ ਰਾਹੀਂ ਨਿਯੁਕਤ ਅਧਿਕਾਰੀਆਂ ਵਲੋਂ ਜ਼ਿਲ੍ਹਾ ਸਿੱਖਿਆ ਦੇ ਦਫ਼ਤਰ ਅੱਗੇ ਧਰਨਾ ਲਗਾਇਆ

ਨਵਾਂਸ਼ਹਿਰ 17 ਮਈ :- ਇੱਕ ਪਾਸੇ ਤਾਂ ਪੰਜਾਬ ਸਰਕਾਰ ਸਰਕਾਰ ਤੁਹਾਡੇ ਦੁਆਰ ਦਾ ਢੰਡੋਰਾ ਪਿੱਟ ਰਹੀ ਹੈ ਕਿ ਕਿਸੇ ਵੀ ਵਿਅਕਤੀ ਤਾਂ ਮੁਲਾਜ਼ਮਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਤੇ ਦੂਜੇ ਪਾਸੇ ਆਮ ਲੋਕ ਤੇ ਪੰਜਾਬ ਦੇ ਮੁਲਾਜ਼ਮ ਆਪਣੇ ਜਾਇਜ਼ ਕੰਮਾਂ ਅਤੇ ਇਨਸਾਫ਼ ਲੈਣ ਲਈ ਧਰਨਿਆਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇਮਤਿਹਾਨ ਦੇ ਕੇ ਸਿੱਧੀ ਭਰਤੀ ਰਾਹੀਂ ਚੁਣੇ ਗਏ ਹੈੱਡਮਾਸਟਰਾਂ ਨੇ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੀਆਂ ਲੰਮੇ ਸਮੇਂ ਤੋਂ ਪੈਂਡਿੰਗ ਪੇਅ ਫਿਕਸਸੇਸ਼ਨ ਸੰਬੰਧੀ ਧਰਨਾ ਲਾਇਆ। ਮੁੱਖ ਅਧਿਆਪਕਾ ਮੀਨਾਕਸ਼ੀ ਭੱਲਾ ਵਲੋਂ ਕਿਹਾ ਗਿਆ ਕਿ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਇਮਤਿਹਾਨ ਪਾਸ ਕਰਕੇ ਸਿੱਧੀ ਭਰਤੀ ਰਾਹੀਂ (672 ਹੈਡਮਾਸਟਰ) ਬਤੌਰ ਮੁੱਖ ਅਧਿਆਪਕ ਨਿਯੁਕਤ ਹੋਏ ਹਾਂ ਤੇ ਪਰਖ ਕਾਲ ਸਮਾਂ ਵੀ ਪਾਰ ਕਰ ਚੁੱਕੇ ਹਾਂ। ਪਰ ਬਦਲੀ ਹੋ ਚੁੱਕੇ ਸਿੱਖਿਆ ਅਧਿਕਾਰੀ ਵਲੋਂ ਉਹਨਾਂ ਦੇ ਕੇਸ ਤੇ ਬੇਵਜ੍ਹਾ ਤੇ ਬੇਲੋੜੇ ਇਤਰਾਜ਼ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ । ਉਹਨਾਂ ਵਲੋਂ ਕਿਹਾ ਗਿਆ ਕਿ ਬਾਕੀ ਵੀਹ ਜ਼ਿਲਿਆਂ ਵਿਚ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਪਰ ਨਵਾਂਸ਼ਹਿਰ ਦੇ ਸਿੱਖਿਆ ਅਧਿਕਾਰੀ ਇਸ ਨੂੰ ਪੂਰਾ ਕਰਨ ਵਿਚ ਹੁਣ ਤੱਕ ਨਾਕਾਮ ਰਹੇ ਹਨ। ਉਸਨੇ ਕਿਹਾ ਹੈ ਸਮੇਂ ਸਿਰ ਫਿਕਸੇਸਨ ਨਾ ਹੋਣ ਕਾਰਨ ਸਾਡਾ ਬਕਾਇਆ ਰੁਕਿਆ ਹੋਇਆ ਹੈ। ਸਬੰਧਤ ਮੁੱਖ ਅਧਿਆਪਕਾ ਵਲੋਂ ਕਿਹਾ ਗਿਆ ਹੈ ਕਿ ਸਾਨੂੰ ਇਸ ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਪਰ ਸਿੱਖਿਆ ਦਫ਼ਤਰ ਜਾਂ ਇਸ ਦੇ ਅਮਲੇ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  ਰਾਜੇਸ਼ ਕੁਮਾਰ ਨੇ ਮੌਕੇ ਤੇ ਡੀਲਿੰਗ ਹੈਂਡ  ਤਜਿੰਦਰ ਸਿੰਘ ਨੂੰ ਅੱਜ ਹੀ ਕੰਮ ਕੰਪਲੀਟ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਹੈਡਮਾਸਟਰਾਂ ਨੇ ਫੈਸਲਾ ਕੀਤਾ ਕਿ ਪੇਅ ਫਿਕਸਸੇਸ਼ਨ ਸੰਬੰਧੀ ਆਰਡਰ ਅੱਜ ਲੈ ਕੇ ਜਾਣਗੇ  ਦਫ਼ਤਰ ਦੇ ਬਾਹਰ ਬੈਠ ਕੇ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ। ਸ਼ਾਮ ਚਾਰ ਵਜੇ  ਅਤੇ ਖ਼ਬਰ ਲਿਖੇ ਜਾਣ ਤੱਕ  ਇਹ ਪਤਾ ਲੱਗਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਛੁੱਟੀ ਤੇ ਹੋਣ ਕਾਰਨ ਸੰਬੰਧਿਤ ਅਧਿਕਾਰੀਆਂ ਦੀ ਫਿਕਸੇਸਨ ਤੇ ਹਸਤਾਖਰ ਨਹੀਂ ਹੋ ਸਕੇ। ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵਲੋਂ ਸਵੇਰੇ ਸਬੰਧਤ ਅਧਿਕਾਰੀ ਦੇ ਆਉਣ ਤੇ ਹਸਤਾਖਰ ਕਰਵਾ ਕੇ ਫਿਕਸੇਸਨ ਉਹਨਾਂ ਨੂੰ ਸੌਂਪਣ ਦਾ ਭਰੋਸਾ ਦਿੱਤਾ ਗਿਆ।  ਧਰਨੇ ਵਿੱਚ ਬਲਜੀਤ ਕੁਮਾਰ ਜ਼ਿਲ੍ਹਾ ਪ੍ਰਧਾਨ,ਅਮਨਪ੍ਰੀਤ ਜੌਹਰ, ਨਵੀਨਪਾਲ ਗੁਲਾਟੀ, ਸੁਖਵਿੰਦਰ ਕੁਮਾਰ, ਮੀਨਾਕਸ਼ੀ ਭੱਲਾ, ਨੀਲਮ ਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ।