ਭਾਸ਼ਾ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਵਿਤਾ ਵਰਕਸ਼ਾਪ ਲਗਾਈ ਗਈ

ਨਵਾਂਸ਼ਹਿਰ, 18 ਮਈ, : ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,
ਸ਼ਹੀਦ ਭਗਤ ਸਿੰਘ ਨਗਰ (ਸਕੂਲ ਆਫ਼ ਐਮੀਨੈਂਸ) ਵਿਖੇ ਵਿਦਿਆਰਥੀਆਂ ਅੰਦਰ ਕਵਿਤਾ ਪ੍ਰਤੀ
ਦਿਲਚਸਪੀ ਪੈਦਾ ਕਰਨ ਅਤੇ ਉਨ੍ਹਾਂ ਅੰਦਰ ਕਾਵਿ-ਰਚਨਾ ਦੀ ਪ੍ਰਤਿਭਾ ਵਿਕਸਿਤ ਕਰਨ ਦੇ
ਉਦੇਸ਼ ਤਹਿਤ ਕਵਿਤਾ ਵਰਕਸ਼ਾਪ ਲਾਈ ਗਈ। ਸਮਾਗਮ ਵਿੱਚ ਤਰਸੇਮ ਸਾਕੀ ਮੁੱਖ ਮਹਿਮਾਨ ਅਤੇ
ਦਵਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਮਹਿੰਦਰ ਸਿੰਘ
ਦੁਸਾਂਝ ਨੇ ਕੀਤੀ। ਇਸ ਤੋਂ ਇਲਾਵਾ ਸੁਨੀਲ ਚੰਦਿਆਣਵੀ, ਗੁਰਦੀਪ ਸੈਣੀ, ਕੁਲਵਿੰਦਰ
ਕੁੱਲਾ, ਬਲਵਿੰਦਰ ਚਾਹਲ ਅਤੇ ਰਜਨੀ ਸ਼ਰਮਾ ਬੁਲਾਰਿਆਂ ਦੇ ਤੌਰ 'ਤੇ ਸ਼ਾਮਲ ਹੋਏ।
ਖੋਜ ਅਫ਼ਸਰ ਸੰਦੀਪ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ ਦੁਆਰਾ
ਵਿਦਿਆਰਥੀਆਂ ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੱਖ-ਵੱਖ
ਵਿੱਦਿਅਕ ਸੰਸਥਾਵਾਂ ਵਿਖੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਮੁੱਖ
ਮਹਿਮਾਨ ਤਰਸੇਮ ਸਾਕੀ ਨੇ ਬੋਲਦਿਆਂ ਕਿਹਾ ਕਿ ਕਵਿਤਾ ਦੇ ਮਨੁੱਖ ਦੇ ਅੰਦਰੋਂ ਆਪ
ਮੁਹਾਰੇ ਨਿਕਲਦੀ ਹੈ। ਵਿਸ਼ੇਸ਼ ਮਹਿਮਾਨ ਦਵਿੰਦਰ ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੇ
ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸੁਨੀਲ
ਚੰਦਿਆਣਵੀ ਨੇ ਬੋਲਦਿਆਂ ਕਿਹਾ ਕਿ ਕਵਿਤਾ ਰੂਹ ਵਿੱਚੋਂ ਨਿਕਲੀ ਆਵਾਜ਼ ਹੁੰਦੀ ਹੈ। ਸਮਾਜ
ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਕਵੀ ਨੀਝ ਲਾ ਕੇ ਦੇਖਦਾ ਹੈ ਅਤੇ ਉਸ ਪ੍ਰਤੀ ਆਪਣਾ
ਪ੍ਰਤੀਕਰਮ ਕਵਿਤਾ ਦੇ ਮਾਧਿਅਮ ਰਾਹੀਂ ਅਭਿਵਿਅਕਤ ਕਰਦਾ ਹੈ। ਗੁਰਦੀਪ ਸੈਣੀ ਨੇ ਕਿਹਾ
ਕਿ ਕਵਿਤਾ ਸਾਡੇ ਆਲੇ ਦੁਆਲੇ ਹਰ ਪਾਸੇ ਪਸਰੀ ਹੋਈ ਹੈ ਬਸ ਸਾਨੂੰ ਇਸਨੂੰ ਵੇਖਣ ਦੀ
ਜ਼ਰੂਰਤ ਹੈ। ਬਲਵਿੰਦਰ ਚਾਹਲ ਨੇ ਬੋਲਦਿਆਂ ਕਿਹਾ ਕਿ ਕਵਿਤਾ ਮਨੁੱਖ ਨੂੰ ਮਨੁੱਖ ਬਣਾ ਕੇ
ਰੱਖਦੀ ਹੈ। ਕੁਲਵਿੰਦਰ ਕੁੱਲੇ ਨੇ ਕਿਹਾ ਕਿ ਕਵਿਤਾ ਮਨੁੱਖ ਦੇ ਵਿਹਾਰ ਵਿੱਚੋਂ ਆਉਂਦੀ
ਹੈ। ਰਜਨੀ ਸ਼ਰਮਾ ਨੇ ਕਿਹਾ ਕਿ ਬੱਚੇ ਦੀ ਪਹਿਲੀ ਕਿਲਕਾਰੀ ਹੀ ਉਸਦੀ ਪਹਿਲੀ ਕਵਿਤਾ ਹੈ।
ਪਿ੍ਰੰਸੀਪਲ ਸਰਬਜੀਤ ਸਿੰਘ ਨੇ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ
ਅਤੇ ਭਾਸ਼ਾ ਵਿਭਾਗ ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਸੰਬੰਧੀ ਵੀ ਸਹਿਯੋਗ
ਕਰਨ ਦੀ ਗੱਲ ਆਖੀ। ਸਮਾਗਮ ਵਿੱਚ ਸ਼ਾਮਲ ਹੋਏ ਸਕੂਲ ਦੇ ਪੁਰਾਣੇ ਵਿਦਿਆਰਥੀ ਜਸਵਿੰਦਰ
ਵੱਲੋਂ ਸਵੈ-ਰਚਿਤ ਕਵਿਤਾ ਸੁਣਾਈ ਗਈ।
ਸਮਾਗਮ ਦੇ ਅੰਤ 'ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਹੀਦ ਭਗਤ ਨਗਰ ਵੱਲੋਂ ਮਹਿੰਦਰ
ਦੁਸਾਂਝ, ਤਰਸੇਮ ਸਾਕੀ, ਦਵਿੰਦਰ ਸ਼ਰਮਾ, ਸੁਨੀਲ ਚੰਦਿਆਣਵੀ, ਗੁਰਦੀਪ ਸੈਣੀ, ਕੁਲਵਿੰਦਰ
ਕੁੱਲਾ, ਬਲਵਿੰਦਰ ਚਾਹਲ ਅਤੇ ਰਜਨੀ ਸ਼ਰਮਾ ਦਾ ਸਨਮਾਨ ਕੀਤਾ ਗਿਆ। ਸਮਾਗਮ ਦਾ ਮੰਚ
ਸੰਚਾਲਨ ਜਤਿੰਦਰ ਕੌਰ ਦੁਆਰਾ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਕੀਤਾ ਗਿਆ। ਇਸ ਮੌਕੇ
ਤਲਵਿੰਦਰ ਸ਼ੇਰਗਿੱਲ, ਅਮਿਤ ਕੁਮਾਰ, ਸੁੱਚਾ ਰਾਮ, ਦੇਸ਼ ਰਾਜ ਬਾਲੀ, ਪੂਜਾ ਸ਼ਰਮਾ,
ਜਸਵਿੰਦਰ, ਸਰਬਜੀਤ ਸਿੰਘ, ਜਤਿੰਦਰ ਕੌਰ ਅਤੇ ਭਾਸ਼ਾ ਵਿਭਾਗ ਤੋਂ ਗਗਨਦੀਪ ਸਿੰਘ, ਹਨੀ
ਕੁਮਾਰ ਸ਼ਾਮਲ ਸਨ।