ਜ਼ਿਲ੍ਹੇ ’ਚ ਕਣਕ ਦੀ ਖਰੀਦ ਦਾ ਅੰਕੜਾ ਢਾਈ ਲੱਖ ਮੀਟ੍ਰਿਕ ਟਨ ਤੋਂ ਪਾਰ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 2 ਮਈ : ਜ਼ਿਲ੍ਹੇ ਵਿਚ ਕਣਕ ਦੀ ਖਰੀਦ ਦਾ ਅੰਕੜਾ ਢਾਈ ਲੱਖ ਮੀਟ੍ਰਿਕ ਟਨ ਤੋਂ ਪਾਰ ਹੋ ਗਿਆ ਹੈ ਅਤੇ ਬੀਤੀ ਸ਼ਾਮ ਤੱਕ ਮੰਡੀਆਂ ਪੁੱਜੀ 261262 ਮੀਟ੍ਰਿਕ ਟਨ ਕਣਕ ਵਿਚੋਂ 261168 ਮੀਟ੍ਰਿਕ ਟਨ (99.96 ਫੀਸਦੀ) ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਖਰੀਦ ਕੀਤੀ ਗਈ ਫ਼ਸਲ ਦੀ ਕਿਸਾਨਾਂ ਦੇ ਖਾਤਿਆਂ ਵਿਚ 471.70 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਹੋ ਚੁੱਕੀ ਹੈ, ਜੋ ਕਿ 98 ਫੀਸਦੀ ਬਣਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਲਿਫਟਿੰਗ ਦੇ ਕੰਮ ਵਿਚ ਵੀ ਤੇਜ਼ੀ ਆਈ ਹੈ ਅਤੇ ਹੁਣ ਤੱਕ 127131 ਮੀਟ੍ਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਲਿਫਟਿੰਗ ਕੀਤੀ ਜਾ ਚੁੱਕੀ ਹੈ, ਜੋ ਕਿ 72 ਘੰਟਿਆਂ ਦੇ ਹਿਸਾਬ ਨਾਲ 62 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ 74 ਮੰਡੀਆਂ ਵਿਚ ਕਣਕ ਦੀ ਨਿਰਵਿਘਨ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗਰੇਨ ਵਲੋਂ 75030 ਮੀਟ੍ਰਿਕ ਟਨ, ਮਾਰਕਫੈਡ ਵਲੋਂ 62713, ਪਨਸਪ ਵਲੋਂ 60422, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 37175, ਐਫ.ਸੀ.ਆਈ. ਵਲੋਂ 21044 ਅਤੇ ਵਪਾਰੀਆਂ ਵਲੋਂ 4784 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਮਿਜਾਜ਼ ਨੂੰ ਧਿਆਨ ਵਿਚ ਰੱਖਦਿਆਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਮੰਡੀਆਂ ਵਿਚ ਫ਼ਸਲ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿਚ ਕਣਕ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿਚ ਕਿਸਾਨਾਂ ਦੀ ਸੁਵਿਧਾ ਲਈ ਸ਼ੈਡ, ਪੱਖੇ, ਪੀਣ ਵਾਲਾ ਪਾਣੀ ਆਦਿ ਦੀ ਵੀ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆ ਵਿਚ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ ਅਤੇ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਫ਼ਸਲ ਦੀ ਕਟਾਈ ਨਾ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਵਾਉਣ ਸਮੇਂ ਕੰਬਾਇਨਾਂ ਸਿਲ੍ਹੀ ਫ਼ਸਲ ਵੀ ਵੱਢ ਦਿੰਦੀਆਂ ਹਨ ਜਿਸ ਨਾਲ ਫ਼ਸਲ ਵਿਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਣਕ ਦੀ ਰਹਿੰਦ-ਖੂਹੰਦ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ।