ਮੁੱਖ ਖੇਤੀਬਾੜੀ ਅਫ਼ਸਰ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਖੇਤਾਂ ਦਾ ਕੀਤਾ ਨਿਰੀਖਣ
ਪਟਿਆਲਾ, 30 ਮਈ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ
ਤਹਿਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ
ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਗੁਰਨਾਮ ਸਿੰਘ ਵੱਲੋਂ ਬਲਾਕ ਭੂਨਰਹੇੜੀ ਦੇ ਪਿੰਡ
ਫ਼ਤਿਹਪੁਰ ਰਾਜਪੂਤਾਂ ਦੇ ਕਿਸਾਨ ਹਰਜਿੰਦਰ ਸਿੰਘ ਦੇ 40 ਏਕੜ ਅਤੇ ਭੁਪਿੰਦਰ ਸਿੰਘ ਦੇ
32 ਏਕੜ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਅਨੁਸਾਰ ਇਸ ਪਿੰਡ ਵਿਚ 65-70 ਫ਼ੀਸਦੀ ਰਕਬਾ
ਝੋਨੇ ਦੀ ਸਿੱਧੀ ਬਿਜਾਈ ਹੇਠ ਆਉਣ ਦੀ ਉਮੀਦ ਹੈ ਅਤੇ ਹੁਣ ਤੱਕ ਅੰਦਾਜ਼ਨ 100 ਏਕੜ ਰਕਬਾ
ਬੀਜਿਆ ਜਾ ਚੁੱਕਿਆ ਹੈ।
ਇਸ ਮੌਕੇ ਪਿੰਡ ਫ਼ਤਿਹਪੁਰ ਰਾਜਪੂਤਾਂ ਅਤੇ ਨਾਲ ਲਗਦੇ ਪਿੰਡਾਂ ਦੇ ਲਗਭਗ 35 ਕਿਸਾਨਾਂ
ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਨਾਮ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਮਹੱਤਤਾ
ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ
ਹੇਠ ਲਿਆਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਡਿੱਗਦੇ ਹੋਏ ਪਾਣੀ ਦੇ ਪੱਧਰ ਨੂੰ ਬਚਾਇਆ ਜਾ
ਸਕੇ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿਥੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ
ਹਮਲਾ ਘੱਟ ਹੁੰਦਾ ਹੈ, ਉਥੇ ਕਿਸਾਨਾਂ ਦੇ ਮੁਨਾਫ਼ੇ ਵਿਚ ਵੀ ਵਾਧਾ ਹੁੰਦਾ ਹੈ। ਇਸ ਮੌਕੇ
ਮੌਜੂਦ ਕਿਸਾਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ
ਬਿਜਾਈ ਹੇਠ ਲਿਆਉਣਗੇ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਵਿਮਲਪ੍ਰੀਤ ਸਿੰਘ ਨੇ ਕਿਸਾਨਾਂ
ਨੂੰ ਸਿੱਧੀ ਬਿਜਾਈ ਦੀ ਰਜਿਸਟ੍ਰੇਸ਼ਨ ਪੋਰਟਲ ਰਾਹੀਂ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ
ਦਿੱਤੀ ਤਾਂ ਜੋ ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ 1500 ਰੁਪਏ
ਪ੍ਰਤੀ ਏਕੜ ਕਿਸਾਨਾਂ ਦੇ ਖਾਤਿਆਂ ਵਿਚ ਡੀ.ਬੀ.ਟੀ. ਰਾਹੀਂ ਟਰਾਂਸਫ਼ਰ ਕੀਤੀ ਜਾ ਸਕੇ।
ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਜਿੰਦਰ ਕੁਮਾਰ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ
ਜਾ ਰਹੀਆਂ ਕਿਸਾਨ ਹਿਤ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਹਰਮਨਜੀਤ ਸਿੰਘ,
ਅਮਰਨਾਥ ਖੇਤੀਬਾੜੀ ਉਪ ਨਿਰੀਖਕ, ਬਲਦੇਵ ਸਿੰਘ ਨੰਬਰਦਾਰ, ਹਰਪਾਲ ਸਿੰਘ, ਕਰਨਦੀਪ
ਸਿੰਘ, ਤੇਜਿੰਦਰ ਸਿੰਘ, ਮਨਿੰਦਰ ਸਿੰਘ, ਹਰਦੀਪ ਸਿੰਘ, ਮੁਖਤਿਆਰ ਸਿੰਘ ਖੁਡਾ ਆਦਿ
ਅਗਾਂਹਵਧੂ ਕਿਸਾਨ ਮੌਜੂਦ ਸਨ।