18 ਕਰਮਚਾਰੀ ਗੈਰ-ਹਾਜ਼ਰ ਪਾਏ ਗਏ
ਨਵਾਂਸ਼ਹਿਰ, 18 ਮਈ, : ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ, ਰਾਜੀਵ ਵਰਮਾ
ਵੱਲੋਂ ਅੱਜ ਸਵੇਰੇ ਨਗਰ ਕੌਂਸਲ ਨਵਾਂਸ਼ਹਿਰ ਅਤੇ ਸਹਾਇਕ ਟਾਊਨ ਪਲਾਨਰ ਦਫ਼ਤਰ ਦੀ ਕੀਤੀ
ਗਈ ਅਚਨਚੇਤ ਚੈਕਿੰਗ ਦੌਰਾਨ 18 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਵਧੀਕ ਡਿਪਟੀ ਕਮਿਸ਼ਨਰ
ਨੇ ਨਗਰ ਕੌਂਸਲ ਨਵਾਂਸ਼ਹਿਰ ਵਿਖੇ ਸਵੇਰੇ 7:35 ਵਜੇ ਚੈਕਿੰਗ ਕੀਤੀ ਜਦਕਿ ਸਹਾਇਕ ਟਾਊਨ
ਪਲਾਨਰ ਦੇ ਦਫ਼ਤਰ ਵਿਖੇ ਸਵੇਰੇ 7:40 ਵਜੇ ਚੈਕਿੰਗ ਕੀਤੀ।
ਉੁਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਵਿਖੇ 16 ਕਰਮਚਾਰੀ ਗੈਰ-ਹਾਜ਼ਰ ਪਾਏ ਗਏ
ਜਦਕਿ ਸਹਾਇਕ ਟਾਊਨ ਪਲਾਨਰ ਦਫ਼ਤਰ, ਨਵਾਂਸ਼ਹਿਰ ਵਿਖੇ 2 ਮੁਲਾਜ਼ਮ ਗੈਰ-ਹਾਜ਼ਰ ਪਾਏ ਗਏ। ਏ
ਡੀ ਸੀ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਮਈ ਤੋਂ 15 ਜੁਲਾਈ, 2023 ਤੱਕ
ਸਰਕਾਰੀ ਦਫ਼ਤਰਾਂ ਦੇ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰਨ ਦੇ
ਫ਼ੈਸਲੇ ਨੂੰ ਜ਼ਮੀਨੀ ਪੱਧਰ 'ਤੇ ਅਮਲੀ ਰੂਪ 'ਚ ਲਾਗੂ ਕਰਵਾਉੁਣ ਅਤੇ ਆਮ ਲੋਕਾਂ ਨੂੰ
ਸਰਕਾਰੀ ਦਫ਼ਤਰਾਂ 'ਚ ਸਟਾਫ਼ ਦੇ ਦੇਰੀ ਨਾਲ ਆਉਣ ਕਾਰਨ ਆ ਰਹੀ ਮੁਸ਼ਕਿਲ ਨੂੰ ਦੇਖਦੇ ਹੋਏ
ਇਹ ਚੈਕਿੰਗ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ
ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਕੁੱਝ ਸਰਕਾਰੀ
ਦਫ਼ਤਰਾਂ 'ਚ ਹਾਲੇ ਵੀ ਕਰਮਚਾਰੀਆਂ ਦੇ ਲੇਟ ਆਉਣ ਬਾਰੇ ਮਿਲੀਆਂ ਸੂਚਨਾਵਾਂ ਦੇ ਸਬੰਧ
'ਚ, ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਇਹ ਚੈਕਿੰਗ ਅਮਲ 'ਚ ਲਿਆਂਦੀ ਗਈ। ਉਨ੍ਹਾਂ
ਦੱਸਿਆ ਕਿ ਗੈਰ-ਹਾਜ਼ਰ ਪਾਏ ਗਏ ਕਰਮਚਾਰੀਆਂ ਦੀ ਜੁਆਬਤਲਬੀ ਕਰਨ ਬਾਅਦ ਅਗਲੀ ਕਾਰਵਾਈ
ਅਮਲ 'ਚ ਲਿਆਂਦੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ
ਪੰਜਾਬ ਸਰਕਾਰ ਵੱਲੋਂ ਬਦਲੇ ਦਫ਼ਤਰੀ ਸਮੇਂ ਮੁਤਾਬਕ ਸਮੇਂ ਸਿਰ ਦਫ਼ਤਰ ਆਉਣ ਦੀ ਹਦਾਇਤ
ਕਰਦਿਆਂ ਕਿਹਾ ਕਿ ਆਉਂਦੇ ਦਿਨਾਂ 'ਚ ਹੋਰਨਾਂ ਦਫ਼ਤਰਾਂ ਦੀ ਵੀ ਅਚਨਚੇਤ ਚੈਕਿੰਗ ਅਮਲ 'ਚ
ਲਿਆਂਦੀ ਜਾਵੇਗੀ ਤਾਂ ਜੋੋ ਆਮ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਦੀ ਲੇਟ-ਲਤੀਫ਼ੀ ਦਾ
ਸ਼ਿਕਾਰ ਨਾ ਹੋਣਾ ਪਵੇ।