ਕੈਬਨਿਟ ਮੰਤਰੀ ਜਿੰਪਾ ਨੇ ਛੋਟੀਆਂ ਜੈਟਿੰਗ ਮਸ਼ੀਨਾਂ ਅਤੇ ਸੀਵਰੇਜ਼ ਸਕਸ਼ਨ ਟੈਂਕਰ ਦਾ ਉਦਘਾਟਨ ਕਰਕੇ ਕੀਤਾ ਰਵਾਨਾ

ਤੰਗ ਗਲੀਆਂ ਵਿਚ ਸੀਵਰੇਜ਼ ਬਲਾਕੇਜ ਹਟਾਉਣ ਵਿਚਮਦਦਗਾਰ ਸਾਬਿਤ ਹੋਣਗੀਆਂ ਮਸ਼ੀਨਾਂ
ਹੁਸ਼ਿਆਰਪੁਰ, 20 ਮਈ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ
ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ
ਨਗਰ ਨਿਗਮ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ
ਹੈ। ਉਹ ਫਾਇਰ ਬ੍ਰਿਗੇਡ ਦਫ਼ਤਰ ਵਿਚ ਨਗਰ ਨਿਗਮ ਵਲੋਂ ਖਰੀਦੀਆਂ ਗਈਆਂ ਤਿੰਨ ਮਸ਼ੀਨਾਂ ਦੇ
ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਹਰੀ ਝੰਡੀ
ਦਿਖਾ ਕੇ ਮਸ਼ੀਨਾਂ ਨੂੰ ਰਵਾਨਾ ਵੀ ਕੀਤਾ। ਇਸ ਮੌਕੇ ਉਨ੍ਹਾ ਨਾਲ ਮੇਅਰ ਸੁਰਿੰਦਰ
ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸਹਾਇਕ
ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ
ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਨਿਗਮ ਵਲੋਂ 12 ਲੱਖ ਰੁਪਏ ਦੀ ਲਾਗਤ ਨਾਲ ਦੋ ਛੋਟੀਆਂ
ਜੈਟਿੰਗ ਮਸ਼ੀਨਾਂ ਅਤੇ ਇਕ ਸੀਵਰੇਜ਼ ਸਕਸ਼ਨ ਟੈਂਕਰ ਲਿਆ ਗਿਆ, ਜਿਸ ਨਾਲ ਸੀਵਰੇਜ਼ ਬਲਾਕੇਜ
ਵਰਗੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੀ ਜੈਟਿੰਗ
ਮਸ਼ੀਨਾਂ ਸ਼ਹਿਰ ਦੀਆਂ ਤੰਗ ਗਲੀਆਂ ਵਿਚ ਜਾ ਕੇ ਸੀਵਰੇਜ਼ ਬਲਾਕੇਜ ਨੂੰ ਹਟਾਉਣ ਵਿਚ ਕਾਫ਼ੀ
ਮਦਦਗਾਰ ਸਾਬਿਤ ਹੋਣਗੀਆਂ। ਇਸੇ ਤਰ੍ਹਾਂ ਸੀਵਰੇਜ ਸਕਸ਼ਨ ਟੈਂਕਰ ਉਨ੍ਹਾਂ ਸੀਵਰੇਜ਼
ਚੈਂਬਰਾਂ ਨੂੰ ਜੈਟ ਮਸ਼ੀਨ ਦੀ ਮਦਦ ਨਾਲ ਤੁਰੰਤ ਖਾਲੀ ਕਰ ਦੇਵੇਗਾ, ਜੋ ਕਿ ਪੂਰੀ
ਤਰ੍ਹਾਂ ਨਾਲ ਭਰੇ ਹੋਏ ਹਨ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਮਸ਼ੀਨਾਂ ਖਰੀਦਣਾ ਨਗਰ
ਨਿਗਮ ਦਾ ਬਹੁਤ ਵੱਡਾ ਉਪਰਾਲਾ ਹੈ, ਜਿਸ ਲਈ ਨਗਰ ਨਿਗਮ ਹੁਸ਼ਿਆਰਪੁਰ ਦੀ ਪੂਰੀ ਟੀਮ
ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਬਲਾਕੇਜ ਸ਼ਹਿਰ ਦੀ ਸਭ ਤੋਂ ਵੱਡੀ
ਸਮੱਸਿਆ ਸੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ
ਕੌਂਸਲਰਾਂ ਨਾਲ ਨਗਰ ਨਿਗਮ ਦੀ ਪੂਰੀ ਟੀਮ ਸ਼ਹਿਰ ਦੀ ਬਿਹਤਰੀ ਲਈ ਕਾਰਜ ਕਰ ਰਹੀ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸੀਵਰੇਜ ਨੂੰ ਸਾਫ਼ ਰੱਖਣ
ਵਿਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਲਦ ਹੀ ਨਗਰ ਨਿਗਮ ਵਲੋਂ ਸੁਪਰ ਸਕਸ਼ਨ ਮਸ਼ੀਨ ਵੀ
ਲਈ ਜਾਵੇਗੀ।ਇਸ ਮੌਕੇ ਦਿ ਹੁਸ਼ਿਆਰਪੁਰ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ,
ਸਾਬਕਾ ਕੌਂਸਲਰ ਖਰੈਤੀ ਲਾਲ ਕਤਨਾ, ਕੌਂਸਲਰ ਵਿਜੇ ਅਗਰਵਾਲ, ਪ੍ਰਦੀਪ ਕੁਮਾਰ, ਮੁਖੀ
ਰਾਮ, ਜਸਪਾਸ ਚੇਚੀ, ਚੰਦਰਾਵਤੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।