ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ ਸੀ ਦਫ਼ਤਰ ਦੇ ਸਟਾਫ਼ ਲਈ ਹੰਗਾਮੀ ਹਾਲਤ ’ਚ ਮੁਢਲੀ ਸਹਾਇਤਾ ਦੇ ਗੁਰ ਦੱਸੇ ਗਏ

ਸਿਵਲ ਸਰਜਨ ਦੀ ਅਗਵਾਈ 'ਚ ਆਈ ਡਾਕਟਰਾਂ ਦੀ ਟੀਮ ਨੇ ਤੁਰੰਤ ਮੁਢਲੀ ਸਹਾਇਤਾ ਦੇ ਲਾਭ ਦੱਸੇ
ਨਵਾਂਸ਼ਹਿਰ, 12 ਮਈ, 2023: ਜ਼ਿਲ੍ਹਾ ਪ੍ਰਸ਼ਾਸਨ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਦਫ਼ਤਰੀ ਸਟਾਫ਼ ਨੂੰ ਹੰਗਾਮੀ ਹਾਲਤ ਵਿੱਚ ਮੁਢਲੀ ਸਹਾਇਤਾ ਦੇਣ ਬਾਰੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਅਗਵਾਈ 'ਚ ਆਈ ਮੈਡੀਕਲ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਦੀ ਪਹਿਲਕਦਮੀ 'ਤੇ ਲਾਈ ਗਈ ਇਸ ਸਿਖਲਾਈ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਗੁਰਪਾਲ ਕਟਾਰੀਆ ਨੇ ਦੱਸਿਆ ਕਿ ਕਿਸੇ ਸੜ੍ਹਕ ਹਾਦਸੇ ਜਾਂ ਹੋਰ ਹਾਦਸੇ 'ਚ ਖੂਨ ਵਗਣ ਤੋਂ ਰੋਕਣਾ ਸਭ ਤੋਂ ਪਹਿਲੀ ਮੁਢਲੀ ਲੋੜ ਹੁੰਦੀ ਹੈ। ਇਸ ਲਈ ਖੂਨ ਨਿਕਲਣ ਵਾਲੀ ਥਾਂ ਨੂੰ ਹਲਕੇ ਦਬਾਅ ਨਾਲ ਪੰਜ ਮਿੰਟ ਲਈ ਦਬਾਉਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਕੋਈ ਸਾਫ਼-ਸੁੱਥਰਾ ਕੱਪੜਾ ਆਦਿ ਬੰਨ੍ਹ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਦਿਲ ਦਾ ਦੌਰਾ ਆਉਣ 'ਤੇ ਮੁਢਲੀ ਸਹਾਇਤਾ ਵਜੋਂ 'ਚੈਸਟ ਕੰਪ੍ਰੈਸ਼ਨ' ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਅਤੇ ਮੈਡੀਕਲ ਅਫ਼ਸਰ ਡਾ. ਬੱਗਾ ਦੱਸਿਆ ਕਿ ਇਸ ਵਿਧੀ 'ਚ ਸੱਜੇ ਹੱਥ ਦੇ ਪੰਜੇ ਨੂੰ ਖੱਬੇ ਹੱਥ ਦੀ ਕੁੜਿਕੀ ਦੇ ਜ਼ੋਰ ਨਾਲ, ਸਰੀਰ ਦਾ ਪੂਰਾ ਜ਼ੋਰ ਲਗਾ ਕੇ ਛਾਤੀ ਦੇ ਵਿਚਕਾਰਲੇ ਹਿੱਸੇ ਨੂੰ ਦੱਬਣਾ ਹੈ। ਇਹ ਘੱਟੋ-ਘੱਟ 5 ਸੈਂਟੀਮੀਟਰ ਦੀ ਡੂੰਘਾਈ ਤੱਕ ਦਬਾਅ ਹੋਵੇ ਅਤੇ ਇੱਕ ਮਿੰਟ 'ਚ 100 ਵਾਰ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਤੋਂ ਪਹਿਲਾਂ ਗਲੇ ਦੀ ਸਾਹ ਰਗ ਤੋਂ ਚੈਕ ਕਰ ਲਿਆ ਜਾਵੇ ਕਿ ਸਾਹ ਚਲ ਰਿਹਾ ਹੈ ਜਾਂ ਨਹੀਂ। ਨਾ ਚੱਲਣ 'ਤੇ ਤੁਰੰਤ ਇਹ ਵਿਧੀ ਅਪਣਾਈ ਜਾਵੇ। ਉਨ੍ਹਾਂ ਦੱਸਿਆ ਕਿ 30 ਵਾਰ ਦਬਾਉਣ ਤੋਂ ਬਾਅਦ ਸਬੰਧਤ ਮਰੀਜ਼ ਦੇ ਮੂੰਹ 'ਤੇ ਰੁਮਾਲ ਵਰਗਾ ਕੱਪੜਾ ਰੱਖ ਕੇ ਮੂੰਹ ਰਾਹੀਂ ਸਾਹ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਇਸ ਪ੍ਰਕਿਰਿਆ ਨੂੰ ਦੁਹਰਾਇਆ ਜਾਵੇ। ਉਨ੍ਹਾਂ ਕਿਹਾ ਅਜਿਹੇ ਮਰੀਜ਼ ਜੋ ਬੇਹੋਸ਼ ਹੋਵੇ ਜਾਂ ਦਿਲ ਦੇ ਦੌਰੇ ਨਾਲ ਪੀੜਤ ਹੋਵੇ, ਦੇ ਮੂੰਹ 'ਚ ਪਾਣੀ ਬਿਲਕੁਲ ਨਾ ਪਾਇਆ ਜਾਵੇ ਜੋ ਸਿੱਧਾ ਸਾਹਨਲੀ 'ਚ ਜਾ ਕੇ ਜਾਨ ਦਾ ਖਤਰਾ ਬਣ ਸਕਦਾ ਹੈ। ਇਸੇ ਤਰ੍ਹਾਂ ਅਸਥਮੈਟਿਕ/ਸ਼ੂਗਰ ਮਰੀਜ਼ ਨੂੰ ਦੌਰਾ ਪੈਣ 'ਤੇ ਉਸ ਦੀ ਜੇਬ 'ਚ ਮੌਜੂਦ ਪੰਪ/ਗੋਲੀ ਲੱਭ ਕੇ ਤੁਰੰਤ ਦਿੱਤੀ ਜਾਵੇ। 
ਜ਼ਿਲ੍ਹਾ ਐਪੀਡੋਮੋਲਿਜਿਸਟ ਡਾ. ਰਾਕੇਸ਼ ਪਾਲ ਨੇ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਸਾਫ਼ ਪਾਣੀ 'ਚ ਪੈਦਾ ਹੋਣ ਵਾਲੇ ਮੱਛਰਾਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਸਾਨੂੰ ਖੜ੍ਹੇ ਪਾਣੀ ਨੂੰ ਸੁਕਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਹੀਟ ਵੇਵ (ਲੂ) ਦੇ ਚਲਦੇ ਪਾਣੀ ਦੀ ਵੱਧ ਮਾਤਰਾ ਲੈਣ ਲਈ ਆਖਦਿਆਂ ਉਨ੍ਹਾਂ ਹੀਟ ਵੇਵ ਤੋਂ ਬਚਣ ਲਈ ਉਨ੍ਹਾਂ ਕਿਹਾ ਕਿ ਹਲਕੇ ਭਾਰੇ, ਹਲਕੇ ਰੰਗ ਦੇ ਢਿੱਲੇ ਤੇ ਸੂਤੀ ਕਪੱੜੇ ਪਾਏ ਜਾਣ ਤੇ ਅੱਖਾਂ 'ਤੇ ਧੁੱਪ ਤੋਂ ਬਚਾਅ ਵਾਲੀ ਐਨਕ ਲਾਈ ਜਾਵੇ। ਯਾਤਰਾ ਕਰਦੇ ਸਮੇਂ ਨਾਲ ਪਾਣੀ ਰੱਖਿਆ ਜਾਵੇ। ਬਾਹਰ ਕੰਮ ਕਰਦੇ ਜਾਣ ਮੌਕੇ ਟੋਪੀ/ਛੱਤਰੀ ਨਾਲ ਰੱਖੋ ਅਤੇ ਆਪਣੇ ਸਿਰ। ਗਰਦਨ, ਚਿਹਰੇ ਅਤੇ ਹੋਰਨਾਂ ਅੰਗਾਂ 'ਤੇ ਗਿੱਲਾ ਕੱਪੜਾ ਫੇਰਦੇ ਰਹੋ। ਬੇਹੋਸ਼ੀ ਜਾਂ ਬਿਮਾਰੀ ਮਹਿਸੂਸ ਹੋਣ 'ਤੇ ਤੁਰੰਤ ਡਾਕਟਰ ਨੂੰ ਮਿਲੋ। ਘਰੇਲੂ ਓ ਆਰ ਐਸ ਜਿਵੇਂ ਲੱਸੀ, ਨਿੰਬੂ ਪਾਣੀ, ਮੱਖਣ ਆਦਿ ਦੀ ਵਰਤੋਂ ਕਰੋ ਅਤੇ ਸਰੀਰ ਨੂੰ ਰੀ-ਹਾਈਡ੍ਰੇਟ ਕਰੋ। ਪੱਖੇ, ਗਿੱਲੇ ਕੱਪੜੇ ਦੀ ਵਰਤੋਂ ਕਰੋ ਅਤੇ ਠੰਡੇ ਪਾਣੀ ਦੀ ਵਰਤੋਂ ਅਤੇ ਇਸ਼ਨਾਨ ਵਾਰ-ਵਾਰ ਕਰੋ। ਪਸ਼ੂਆਂ ਨੂੰ ਛਾਂਦਾਰ ਮਾਹੌਲ ਦਿਓ ਅਤੇ ਪੀਣ ਲਈ ਭਰਪੂਰ ਪਾਣੀ ਦਿਓ। ਐਮਰਜੈਂਸੀ ਦੀ ਹਾਲਤ ਵਿੱਚ ਐਂਬੂਲੈਂਸ ਅਤੇ ਮੋਬਾਇਲ ਹੈਲਪਲਾਈਨ ਦੀ ਵਰਤੋਂ ਕਰੋ। ਛੋਟੇ ਬੱਚਿਆਂ ਅਤੇ 65 ਸਾਲ ਤੋਂ ਵਧੇਰੇ ਦੇ ਬਜ਼ੁਰਗਾਂ ਨੂੰ ਧੁੱਪ ਤੋਂ ਬਚਾਓ। ਇਸੇ ਤਰ੍ਹਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ 'ਚ ਜਾਣ ਤੋਂ ਬਚੋ। ਬਾਹਰ ਜ਼ਿਆਦਾ ਤਾਪਮਾਨ ਹੋਣ 'ਤੇ ਘਰ ਰਹੋ। ਸ਼ਰਾਬ, ਕੌਫ਼ੀ ਅਤੇ ਕਾਰਬੋਨੇਟਿਡ ਸਖ਼ਤ ਡਿ੍ਰੰਕਸ ਤੋਂ ਬਚੋ। ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ ਤੇ ਬੇਹਾ ਭੋਜਨ ਨਾ ਖਾਓ। ਬੱਚਿਆਂ, 65 ਸਾਲ ਤੋਂ ਵਧੇਰੇ ਦੇ ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਨੂੰ ਬਾਹਰ ਪਾਰਕਿੰਗ 'ਚ ਖੜ੍ਹੇ ਕੀਤੇ ਵਾਹਨਾਂ 'ਚ ਨਾ ਛੱਡੋ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਮੁਲਾਜ਼ਮਾਂ ਨੂੰ ਇਸ ਮੁਢਲੀ ਸਹਾਇਤਾ, ਲੂ ਤੋਂ ਬਚਣ ਦੇ ਤਰੀਕਿਆਂ ਨੂੰ ਲੋੜ ਪੈਣ 'ਤੇ ਤੁਰੰਤ ਕਿਸੇ ਦੀ ਜਾਨ ਬਚਾਉਣ ਅਤੇ ਲੂ ਦੇ ਦਿਨਾਂ 'ਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ।