ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਦੀ ਵਿਸ਼ੇਸ਼ ਮੁਹਿੰਮ ‘ਮਾਈ ਲਾਈਫ-ਮਾਈ ਕਲੀਨ ਸਿਟੀ’ ਦੀ ਸ਼ੁਰੂਆਤ

-ਹੁਣ ਕੋਈ ਵੀ ਚੀਜ਼ ਕੂੜਾ ਨਹੀਂ ਰਹੇਗੀ, -ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਆਰ.ਆਰ.ਆਰ ਸੈਂਟਰ ਬਣਾਏ
ਹੁਸ਼ਿਆਰਪੁਰ, 18 ਮਈ:  ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਫ਼ਾਈ ਦੀ ਵਿਸ਼ੇਸ਼ ਮੁਹਿੰਮ 'ਮਾਈ ਲਾਈਫ਼-ਮਾਈ ਕਲੀਨ ਸਿਟੀ' ਚਲਾਈ ਜਾਵੇਗੀ। ਇਹ ਮੁਹਿੰਮ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਦੇਸ਼ ਭਰ ਵਿੱਚ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਵਾਤਾਵਰਣ ਦੀ ਸੁਰੱਖਿਆ ਵਿੱਚ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਆਰ.ਆਰ.ਆਰ ਸੈਂਟਰ ਬਣਾਏ ਜਾਣਗੇ, ਜਿੱਥੇ ਲੋਕ ਆਪਣਾ ਵਰਤਿਆ ਅਤੇ ਮੁੜ ਵਰਤੋਂ ਯੋਗ ਸਾਮਾਨ ਜਮ੍ਹਾਂ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਸਵੱਛ ਭਾਰਤ ਮਿਸ਼ਨ ਤਹਿਤ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ 'ਤੇ ਸਥਾਪਿਤ ਕੀਤੇ ਜਾਣਗੇ।
  ਕਮਿਸ਼ਨਰ ਨੇ ਦੱਸਿਆ ਕਿ ਆਰ.ਆਰ.ਆਰ ਕੇਂਦਰਾਂ ਵਿੱਚ ਸ਼ਹਿਰ ਦੇ ਵਸਨੀਕ ਆਪਣਾ ਵਰਤਿਆ ਜਾਣ ਵਾਲਾ ਸਾਮਾਨ ਜਿਵੇਂ ਕਿ ਕੱਪੜੇ, ਜੁੱਤੀਆਂ, ਬੈਗ, ਖਿਡੌਣੇ, ਕਿਤਾਬਾਂ ਅਤੇ ਹੋਰ ਸਟੇਸ਼ਨਰੀ, ਇਲੈਕਟ੍ਰੋਨਿਕ ਦਾ ਸਾਮਾਨ ਆਦਿ ਜਮ੍ਹਾਂ  ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਲੋੜਵੰਦ ਵਿਅਕਤੀ ਇਹ ਸਾਮਾਨ ਮੁਫ਼ਤ ਲੈ ਸਕੇਗਾ ਅਤੇ ਬਾਕੀ ਸਾਮਾਨ ਨੂੰ ਰੀਸਾਈਕਲ ਕੀਤਾ ਜਾਵੇਗਾ। ਸਾਮਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਵਾਪਸੀ ਤੋਹਫ਼ੇ ਵਜੋਂ ਮੁਫ਼ਤ ਖਾਦ, ਕੱਪੜੇ ਦੇ ਥੈਲੇ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ। ਲੋਕਾਂ ਦੀ ਸਹੂਲਤ ਲਈ ਸਾਰੇ ਕੇਂਦਰਾਂ ਨੂੰ ਜੀਓ-ਟੈਗ ਕੀਤਾ ਜਾਵੇਗਾ ਅਤੇ ਰੋਜ਼ਾਨਾ ਮਿਲਣ ਵਾਲੀ ਸਮੱਗਰੀ ਦਾ ਰਿਕਾਰਡ ਰੱਖਿਆ ਜਾਵੇਗਾ।
  ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਲਾਸਟਿਕ ਦੇ ਲਿਫ਼ਾਫ਼ੇ/ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਵੇਚਣ ਅਤੇ ਵਰਤਣ ਵਾਲਿਆਂ 'ਤੇ ਸਖ਼ਤ ਕਾਰਵਾਈ ਅਤੇ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਰੁੱਖਾਂ ਦੀਆਂ ਜੜ੍ਹਾਂ ਤੋਂ ਟਾਈਲਾਂ ਅਤੇ ਹੋਰਡਿੰਗਜ਼ ਨੂੰ ਹਟਾਇਆ ਜਾਵੇਗਾ ਅਤੇ ਸਥਾਨਕ ਕਿਸਮਾਂ ਦੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਦਾ ਸਹਿਯੋਗ ਜ਼ਰੂਰੀ ਹੈ।
  ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਮੁਹਿੰਮ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜ੍ਹਲੇ ਕੇਂਦਰਾਂ ਵਿੱਚ ਵੱਧ ਤੋਂ ਵੱਧ ਮੁੜ ਵਰਤੋਂਯੋਗ ਸਾਮਾਨ ਜਮ੍ਹਾਂ ਕਰਵਾਉਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ/ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਅਤੇ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਅੱਗ ਨਾ ਲਗਾਉਣ ਸਬੰਧੀ ਵੀ ਕਿਹਾ ।