ਪਹਿਲੀ ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵੱਡਾ ਵਫ਼ਦ ਵਿਦਿਆ ਭਵਨ ਮੋਹਾਲੀ ਜਾਵੇਗਾ

ਪਹਿਲੀ ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵੱਡਾ ਵਫ਼ਦ ਵਿਦਿਆ ਭਵਨ ਮੋਹਾਲੀ ਜਾਵੇਗਾ
ਨਵਾਂਸ਼ਹਿਰ 17 ਮਈ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਵਰਚਉਅਲ ਮੀਟਿੰਗ ਬਾਜ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ  ਨਵਪ੍ਰੀਤ ਬੱਲੀ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਹਰਵਿੰਦਰ ਸਿੰਘ ਬਿਲਗਾ, ਸੁਖਰਾਜ ਸਿੰਘ ਕਾਹਲੋਂ, ਗੁਰਜੰਟ ਸਿੰਘ ਵਾਲੀਆ, ਜਸਵਿੰਦਰ ਸਿੰਘ ਔਲਖ, ਬਲਜੀਤ ਸਿੰਘ ਸਲਾਣਾ, ਸੁਖਜਿੰਦਰ ਸਿੰਘ ਹਰੀਕਾ, ਆਦਿ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀਆਂ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਨਾ ਕਰਨ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਪਿਛਲੀ ਸਰਕਾਰ ਵੱਲੋਂ ਅਧਿਆਪਕ ਆਗੂਆਂ ਤੇ ਦਰਜ਼ ਕੀਤੇ ਝੂਠੇ ਪੁਲਿਸ ਕੇਸ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸਵਾ ਸਾਲ ਬੀਤਣ 'ਤੇ ਵੀ ਹਾਲੇ ਤੱਕ ਰੱਦ ਨਹੀਂ ਕੀਤੇ ਗਏ। ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਸਬੰਧੀ ਵਾਰ-ਵਾਰ ਨਿਜੀ ਸੁਣਵਾਈਆਂ ਹੋਣ ਦੇ ਬਾਵਜੂਦ ਹਾਲੇ ਤੱਕ ਰੱਦ ਨਹੀਂ ਕੀਤੀਆਂ ਗਈਆਂ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸਾਂ ਨੂੰ ਰੱਦ ਕਰਨ ਸਮੇਤ ਅਧਿਆਪਕ ਮੰਗਾਂ 'ਤੇ ਬਣੀਆਂ ਸਹਿਮਤੀਆਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਜਨਤਕ ਸਿੱਖਿਆ ਦਾ ਖਾਤਮਾ ਕਰਨ ਵਾਲੀ  ਨਵੀਂ ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ। ਸੰਵਿਧਾਨ ਅਨੁਸਾਰ ਇੱਕੋ ਜਿਹੇ ਸਕੂਲਾਂ ਰਾਹੀਂ ਸਿੱਖਿਆ ਦੇ ਬਰਾਬਰ ਮੌਕੇ ਦੇਣ ਲਈ ਸਕੂਲਾਂ ਨੂੰ ਵੱਖ-ਵੱਖ ਨਾਂ ਦੇਣ ਦੀਆਂ ਸਕੀਮਾਂ ਬੰਦ ਕੀਤੀਆਂ ਜਾਣ। ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, 180 ਈ ਟੀ ਟੀ ਅਤੇ ਓ ਡੀ ਐਲ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਲੰਮੇਂ ਸਮੇਂ ਤੋਂ ਰੋਕੀਆਂ ਹਰ ਵਰਗ ਦੀਆਂ ਪਦਉਨਤੀਆਂ ਸਮੇਤ ਪ੍ਰਾਇਮਰੀ ਤੋਂ ਮਾਸਟਰ ਕਾਡਰ ਕੀਤੀਆਂ ਜਾਣ। ਕੋਠਾਰੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਹਰ ਅਧਿਆਪਕ ਨੂੰ ਉਸ ਦੀ ਰਿਹਾਇਸ਼ ਦੇ ਨੇੜੇ ਨਿਯੁਕਤ ਕਰਨ ਲਈ ਬਦਲੀਆਂ ਸਬੰਧੀ ਦਿੱਤੇ ਗਏ ਅਨੇਕਾਂ ਸੁਝਾਵਾਂ ਨੂੰ ਲਾਗੂ ਕੀਤਾ ਜਾਵੇ। ਸੇਵਾ ਨਿਯਮਾਂ ਵਿੱਚ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਅੱਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦੀ ਸਿਰਜਣਾ ਕਰਦਿਆਂ ਪਿਛਲੀਆਂ ਸਰਕਾਰਾਂ ਸਮੇਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ, ਬੀ ਪੀ ਈ ਓ ਦਫ਼ਤਰਾਂ ਵਿੱਚ ਸ਼ਿਫਟ ਕੀਤੀਆਂ 228 ਪੀ ਟੀ ਆਈ ਦੀਆਂ ਪੋਸਟਾਂ ਵਾਪਸ ਮਿਡਲ ਸਕੂਲਾਂ ਵਿੱਚ ਬਹਾਲ ਕੀਤੀਆਂ ਜਾਣ। ਇਨ੍ਹਾਂ ਪੋਸਟਾਂ ਲਈ ਤੁਰੰਤ ਭਰਤੀ ਕੀਤੀ ਜਾਵੇ। ਹਰ ਜਮਾਤ ਦੀਆਂ ਕਿਤਾਬਾਂ ਦੀ ਪੂਰਤੀ ਕੀਤੀ ਜਾਵੇ। ਬੱਚਿਆਂ ਦੀ ਵਰਦੀ ਦੀ ਗ੍ਰਾਂਟ ਵਿੱਚ ਵਾਧਾ ਕੀਤਾ ਜਾਵੇ। ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਭੋਜਨ ਅਤੇ ਵਰਦੀਆਂ ਮੁਹੱਈਆ ਕੀਤੀਆਂ ਜਾਣ। ਗਰਮੀ ਦਾ ਪ੍ਰਕੋਪ ਵੱਧਣ ਕਾਰਨ ਸਕੂਲਾਂ ਦਾ ਸਮਾਂ ਘਟਾਇਆ ਜਾਵੇ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕਰਨ 'ਤੇ ਪਹਿਲੀ ਜੂਨ ਨੂੰ ਵਿਦਿਆ ਭਵਨ ਮੋਹਾਲੀ ਵਿਖੇ ਸਿੱਖਿਆ ਮੰਤਰੀ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵੱਡਾ ਵਫ਼ਦ ਮਿਲੇਗਾ।