ਦੇਸ਼ ਨੂੰ ਮਾੜੀਆਂ ਹਵਾਵਾਂ ਤੋਂ ਬਚਾਉਣ ਅਤੇ ਇੱਕ ਲੜੀ ’ਚ ਪ੍ਰੋ ਕੇ ਰੱਖਣ ਵਿੱਚ ਸੰਤ-ਮਹਾਪੁਰਸ਼ਾਂ ਦੀ ਵਡਮੁੱਲੀ ਅਗਵਾਈ ਦੀ ਲੋੜ-ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ

ਸ੍ਰੀ ਸਤਿਗੁਰੂ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦਾ ਸਮਾਜ ਨੂੰ ਧਾਰਮਿਕ ਸੇਧ ਦੇੇਣ 'ਚ ਵੱਡਾ ਯੋਗਦਾਨ-ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ
ਸਵਾਮੀ ਬ੍ਰਹਮਾ ਨੰਦ ਭੂਰੀ ਵਾਲਿਆਂ ਦੀ 21 ਵੀਂ ਬਰਸੀ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿ੍ਰਸ਼ਨ ਸਿੰਘ ਰੌੜੀ, ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਚੇਤੰਨ ਸਿੰਘ ਜੌੜਾਮਾਜਰਾ ਪੁੱਜੇ
ਪੋਜੇਵਾਲ, 1 ਮਈ : ਪੰਜਾਬ ਵਿਧਾਨ ਸਭਾ ਦੇ ਸਪੀਕਰ, ਕੁਲਤਾਰ ਸਿੰਘ ਸੰਧਵਾ ਨੇ ਅੱਜ ਇੱਥੇ ਬ੍ਰਹਮ ਸਰੂਪ ਧਾਮ ਵਿਖੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲਿਆਂ (ਗਊਆਂ ਵਾਲੇ) ਦੀ 21ਵੀਂ ਬਰਸੀ ਮੌਕੇ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਤੀ 'ਚ ਕੀਤੇ ਗਏ ਸਲਾਨਾ ਸਮਾਗਮ 'ਚ ਸ਼ਿਰਕਤ ਕਰਦਿਆਂ ਸਵਾਮੀ ਬ੍ਰਹਮਾ ਨੰਦ ਜੀ ਭੂਰੀ ਵਾਲਿਆਂ ਦੀ ਇਸ ਪੱਛੜੇ ਇਲਾਕੇ ਨੂੰ ਦਿੱਤੀ ਦੇਣ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਵੱਲੋਂ, ਗੁਰੂ ਨਾਨਕ ਸਹਿਬ ਵੱਲੋਂ ਆਪਣੇ ਮੁਖਾਰਬਿੰਦ 'ਚੋਂ ਸਿਖਿਆ ਤੇ ਔਰਤਾਂ ਦੇ ਸਤਿਕਾਰ ਲਈ ਉਚਾਰੇ ਸ਼ਬਦਾਂ 'ਵਿਦਿਆ ਵੀਚਾਰੀ ਤਾਂ ਪਰਉਪਕਾਰੀ।' ਅਤੇ  'ਸੋ ਕਿੳ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।' ਮੁਤਾਬਕ ਸਿਖਿਆ ਦੇ ਖੇਤਰ ਖਾਸ ਤੌਰ 'ਤੇ ਮਹਿਲਾਵਾਂ ਦੀ ਸਿਖਿਆ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਬਹੁਤ ਹੀ ਦੂਰ-ਅੰਦੇਸ਼ ਅਤੇ ਪਹੁੰਚੇ ਹੋਏ ਸੰਤ-ਮਹਾਂਪੁਰਸ਼ ਹੀ ਕਰ ਸਕਦੇ ਹਨ। ਉਨ੍ਹਾਂ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਵੱਲੋਂ ਆਪਣੇ ਆਸ਼ੀਰਵਾਦ ਸਦਕਾ ਸੂਬੇ 'ਚ ਭਗਵੰਤ ਮਾਨ ਸਰਕਾਰ ਬਣਾਉਣ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਸੰਪਰਦਾਇ ਤੋਂ ਪ੍ਰੇਰਨਾ ਲੈ ਕੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਵਲ ਗਰੀਬ ਬੰਦੇ ਦਾ ਨਾਮ ਹੀ ਹੁੰਦਾ ਸੀ ਤੇ ਫ਼ਾਇਦਾ ਹੋਰ ਲੋਕ ਲੈਂਦੇ ਸਨ ਪਰ ਪਹਿਲੀ ਵਾਰ ਹੋਇਆ ਕਿ ਬਿਨਾਂ ਕਿਸੇ ਦਵੈਤ ਦੇ ਆਮ ਬੰਦੇ ਲਈ ਵੀ ਬਿਜਲੀ ਦਾ ਬਿੱਲ ਮੁਆਫ਼ ਹੋਇਆ।
ਉਨ੍ਹਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਹਵਾਵਾਂ ਬੜੀਆਂ ਮਾੜੀਆਂ ਚੱਲ ਰਹੀਆਂ ਹਨ, ਇਸ ਲਈ ਦੇਸ਼ ਨੂੰ ਫੁੱਟ ਪਾਊ ਸ਼ਕਤੀਆਂ ਤੋਂ ਬਚਾਅ ਕੇ, ਇੱਕ ਲੜੀ ਵਿੱਚ ਪ੍ਰੋਈ ਰੱਖਣ ਵਿੱਚ ਸੰਤ-ਮਹਾਂਪੁਰਸ਼ਾਂ ਦੀ ਅਗਵਾਈ ਦਾ ਵੱਡਾ ਯੋਗਦਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੁਨੇਹੇ 'ਤੇ ਪਹਿਰਾ ਦਿੰਦਿਆਂ, ਧਰਮਾਂ 'ਤੇ ਨਾਮ 'ਤੇ ਹੋ ਰਹੀਆਂ ਡਿਬੇਟਾਂ ਤੋਂ ਉੱਪਰ ਉੱਠ ਕੇ 'ਬੇਦ ਕਤੇਬ ਕਹਹੁ ਮਤਿ ਝੂਠੇ ਝੂਠਾ ਜੋ ਨਾ ਬੀਚਾਰੈ' ਅਨੁਸਾਰ ਉਸ ਖਤਰੇ ਤੋਂ ਬਚ ਕੇ ਰਹਿਣ ਦੀ ਲੋੜ ਹੈ ਜੋ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਵੰਡਣ ਦੀ ਕੋਸ਼ਿਸ਼ ਕਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ 'ਚ ਬੜੀ ਤਾਕਤ ਹੈ, ਇਸ ਲਈ ਇਨ੍ਹਾਂ ਲੜਾਈਆਂ ਨੂੰ ਖਤਮ ਕਰਨ ਦੀ ਸ਼ੁਰੂਆਤ ਵੀ ਪੰਜਾਬ ਤੋਂ ਹੋਣੀ ਚਾਹੀਦੀ ਹੈ।
ਉਨ੍ਹਾਂ ਆਪਣੇ ਪਰਿਵਾਰ ਅਤੇ ਆਪਣੇ ਦਾਦਾ ਜੀ  'ਤੇ ਇਸ ਧਰਤੀ ਦੀ ਕਿਰਪਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਸ ਧਰਤੀ ਸਦਕਾ ਅਤੇ ਦੇਸ਼ ਦੇ ਗ੍ਰਹਿ ਮੰਤਰੀ ਬਣੇ ਤਾਂ ਵੀ ਇਸੇ ਧਰਤੀ ਤੋਂ ਮਿਲੇ ਆਸ਼ੀਰਵਾਦ ਸਦਕਾ।
ਉਨ੍ਹਾਂ ਭੂਰੀ ਵਾਲੇ ਗਰੀਬਦਾਸੀ ਸੰਪਰਦਾਇ ਵੱਲੋਂ ਸਿਖਿਆ, ਸਿਹਤ ਜਾਗਰੂਕਤਾ, ਪੀ ਜੀ ਆਈ ਲੰਗਰ ਸੇਵਾ ਅਤੇ ਮੈਡੀਕਲ ਕੈਂਪਾਂ ਰਾਹੀਂ ਕੈਂਸਰ ਜਾਗਰੂਕਤਾ ਲਈ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਕਰਦਿਆਂ ਆਪਣੇ ਵੱਲੋਂ ਪੰਜ ਲੱਖ ਰੁਪਏ ਦਾ ਯੋਗਦਾਨ ਕੈਂਸਰ ਦੇ ਮਰੀਜ਼ਾਂ ਦੀ ਸੇਵਾ 'ਚ ਬੱਸਾਂ 'ਤੇ ਮਰੀਜ਼ਾਂ ਨੂੰ ਭੇਜਣ ਵਾਸਤੇ ਮਹਾਰਾਜ ਚੇਤਨਾ ਨੰਦ ਜੀ ਦੇ ਚਰਨਾਂ 'ਚ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕੈਂਸਰ ਦੀ ਸਵੈ-ਜਾਂਚ ਅਤੇ ਰੋਕਥਾਮ ਲਈ ਸਰੀਰ 'ਤੇ ਉਭਰਦੀਆਂ ਦਰਦ-ਰਹਿਤ ਗਿਲਟੀਆਂ ਦੀ ਤੁਰੰਤ ਜਾਂਚ ਕਰਵਾਉਣ ਲਈ ਵੀ ਅਪੀਲ ਕੀਤੀ। ਉਨ੍ਹਾਂ ਸਮਾਗਮ 'ਚ ਮੌਜੂਦ ਬੀਬੀਆਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਅਤੇ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਗ੍ਰੰਥਾਂ ਦੀ ਵਿਦਿਆ ਵੀ ਦਿਵਾ ਕੇ ਚੰਗੇ ਇਨਸਾਨ ਬਣਾਉਣ ਦੀ ਅਪੀਲ ਵੀ ਕੀਤੀ।
ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ, ਜੈ ਕਿ੍ਰਸ਼ਨ ਸਿੰਘ ਰੌੜੀ ਨੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ, ਗਊਆਂ ਵਾਲਿਆਂ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਕਿਹਾ ਕਿ ਭੂਗੋਲਿਕ ਤੌਰ 'ਤੇ ਪੱਛੜੇ ਕੰਢੀ, ਦੂਣੀ, ਬੀਤ ਤੇ ਖੇੜੇ ਦੇ ਇਲਾਕੇ ਉਨ੍ਹਾਂ ਦੀ ਕਿਰਪਾ ਸਦਕਾ ਅੱਜ ਪੱਛੜੇਪਣ ਅਤੇ ਵਹਿਮਾਂ-ਭਰਮਾਂ ਦੇ ਘੇਰੇ 'ਚੋਂ ਬਾਹਰ ਨਿਕਲ ਚੁੱਕੇ ਹਨ। ਉੁਨ੍ਹਾਂ ਕਿਹਾ ਕਿ ਪੰਜ ਡਿਗਰੀ ਕਾਲਜ, ਇੱਕ ਬੀ ਐਡ ਕਾਲਜ, 4 ਕਾਲਜੀਏਟ ਸਕੂਲ, ਚਾਰ ਸੀ ਬੀ ਐਸ ਈ ਸਕੂਲ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਕਾਲਜ 30 ਏਕੜ ਜ਼ਮੀਨ ਸਮੇਤ ਸਰਕਾਰ ਨੂੰ ਸਪੁਰਦ ਕਰਨ ਵਰਗੇ ਮਹਾਂ-ਵਿਦਿਆਦਾਨ ਦੇ ਨਾਲ-ਨਾਲ ਉਨ੍ਹਾਂ ਸੰਗਤਾਂ ਨੂੰ ਪਰਮਾਰਥ ਨਾਲ ਵੀ ਜੋੜਿਆ। ਅੱਜ ਇਸ ਇਲਾਕੇ ਦੀਆਂ ਬੱਚੀਆਂ ਪ੍ਰਸ਼ਾਸਕੀ ਤੇ ਪੁਲਿਸ ਸੇਵਾਵਾਂ 'ਚ ਸੇਵਾਵਾਂ ਦੇ ਰਹੀਆਂ ਹਨ। ਸੰਪਰਦਾਇ ਵੱਲੋਂ ਗੜ੍ਹਸ਼ੰਕਰ, ਬਲਾਚੌਰ, ਰੋਪੜ  ਦੇ ਇਸ ਜੰਗਲੀ ਇਲਾਕੇ 'ਚ ਜਾਨਵਰਾਂ ਲਈ ਪੀਣ ਦੇ ਪਾਣੀ ਦੀਆਂ ਖੇਲਾਂ ਬਣਾਈਆਂ ਗਈਆਂ ਹਨ, ਪੰਛੀਆਂ ਲਈ ਦਰੱਖਤਾਂ 'ਤੇ ਕਟੋਰੇ ਟੰਗੇ ਗਏ ਹਨ। ਪੀ ਜੀ ਆਈ ਲੰਗਰ ਸੇਵਾ ਬਹੁਤ ਹੀ ਵੱਡਾ ਉਪਰਾਲਾ ਹੈ। ਬੀਟਣ ਹਿਮਾਚਲ ਤੋਂ ਲੈ ਕੇ ਪੀ ਜੀ ਆਈ ਤੱਕ ਮਰੀਜ਼ਾਂ ਨੂੰ ਲੈ ਕੇ ਜਾਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਹੈ। ਮੈਡੀਕਲ ਕੈਂਪਾਂ ਰਾਹੀਂ ਸੈਂਕੜੇ ਖੂਨਦਾਨ, ਸੈਂਕੜੇ ਅੱਖਾਂ ਦੇ ਮਰੀਜ਼ ਸਰਜਰੀ ਲਈ ਸ਼ਨਾਖਤ ਕੀਤੇ ਗਏ, ਕੈਂਸਰ ਤੋਂ ਬਚਾਏ ਗਏ। ਨਸ਼ਿਆਂ ਤੋਂ ਰਹਿਤ ਕੀਤਾ ਗਿਆ। ਉਨ੍ਹਾਂ ਸੰਪਰਦਾਇ ਵਾਸਤੇ ਵੇਦਾਂਤ ਅਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਜੀ (ਮੌਜੂਦਾ ਗੱਦੀਨਸ਼ੀਨ) ਦੇ ਚਰਨਾਂ 'ਚ ਟ੍ਰੈਕਟਰ ਭੇਟ ਕੀਤਾ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਬਾਗ਼ਬਾਨੀ, ਸੁਤੰਤਰਤਾ ਸੰਗਰਾਮੀਆਂ ਅਤੇ ਰੱਖਿਆ ਭਲਾਈ ਸੇਵਾਵਾਂ ਬਾਰੇ ਮੰਤਰੀ ਚੇਤੰਨ ਸਿੰਘ ਜੌੜਾਮਾਜਰਾ ਨੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਆਖਿਆ ਕਿ ਅੱਜ ਦੂਜੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ। ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂ ਜੋ ਇੱਥੋਂ ਸਮਾਜ ਨੂੰ ਚੰਗੀ ਸੇਧ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਨੂੰ ਮਹਾਰਾਜ ਭੂਰੀ ਵਾਲਿਆਂ (ਗਊ ਵਾਲੇ) ਦਾ ਸਭ ਤੋਂ ਵੱਡਾ ਯੋਗਦਾਨ ਵਿਦਿਆਦਾਨ ਦਾ ਹੈ। ਉਨ੍ਹਾਂ ਮੌਜੂਦਾ ਗੱਦੀਨਸ਼ੀਨ, ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਮਹਾਰਾਜ ਗਊਆਂ ਵਾਲਿਆਂ ਵੱਲੋਂ ਆਰੰਭੀ ਪ੍ਰਥਾ ਨੂੰ ਅੱਗੇ ਤੋਰਦਿਆਂ, ਸਿਖਿਆ ਤੇ ਸਿਹਤ ਦੇ ਖੇਤਰ 'ਚ ਮਿਸਾਲੀ ਯੋਗਦਾਨ ਪਾਉਣ ਅਤੇ ਪੀ ਜੀ ਆਈ ਲੰਗਰ ਵਾਸਤੇ ਵਡਮੁੱਲੀ ਸੇਵਾ ਆਰੰਭ ਕੇ, ਸੰਪਰਦਾਇ ਦੇ ਸਦਗੁਣਾਂ ਦੀ ਵੱਡੀ ਮਿਸਾਲ ਬਣਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ। ਉੁਨ੍ਹਾਂ ਇਸ ਮੌਕੇ 2 ਲੱਖ ਰੁਪਏ ਆਪਣੇ ਅਖਤਿਆਰੀ ਕੋਟੇ 'ਚੋਂ ਦੇਣ ਦਾ ਐਲਾਨ ਕਰਦਿਆਂ, ਸਵਾਮੀ ਸ੍ਰੀ ਚੇਤਨਾ ਨੰਦ ਜੀ ਨੂੰ ਹਮੇਸ਼ਾਂ ਸੇਧ ਦਿੰਦੇ ਰਹਿਣ ਦੀ ਬੇਨਤੀ ਕੀਤੀ।
ਮਾਲ ਤੇ ਮੁੜ ਵਸੇਬਾ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ, ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਅਤੇ ਉਨ੍ਹਾਂ ਤੋਂ ਬਾਅਦ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਦੀ ਚਰਨ ਛੋਹ ਨਾਲ ਇਸ ਇਲਾਕੇ 'ਚ ਵੱਡੀ ਤਬਦੀਲੀ ਆਈ। ਉਨ੍ਹਾਂ ਦੀ ਖਾਸ ਤੌਰ 'ਤੇ ਵਿਦਿਆ ਦੇ ਖੇਤਰ 'ਚ ਦੇਣ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਅਤੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਜੀ ਦੀ ਪ੍ਰੇਰਨਾ ਸਦਕਾ ਅੱਜ ਸੰਪਰਦਾਇ ਵੱਡੇ ਕਾਰਜ ਕਰ ਰਹੀ ਹੈ। ਸਿਖਿਆ ਤੋਂ ਇਲਾਵਾ ਪੀ ਜੀ ਆਈ ਲੰਗਰ ਸੇਵਾ ਲੋਕ ਸੇਵਾ 'ਚ ਇੱਕ ਵੱਡਾ ਮੀਲ ਦਾ ਪੱਥਰ ਹੈ। ਉਨ੍ਹਾਂ ਡਿਪਟੀ ਸਪੀਕਰ ਵੱਲੋਂ ਰੱਖੀ ਮੰਗ 'ਤੇ ਸੰਪਰਦਾਇ ਦੇ ਪ੍ਰਬੰਧਾਂ ਹੇਠ ਚੱਲ ਰਹੇ ਭਵਾਨੀਪੁਰ ਗੜ੍ਹੀ ਮਨਸੋਵਾਲ ਕਾਲਜ ਵਾਸਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਟਿਊਬਵੈਲ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਅਖਤਿਆਰੀ ਕੋਟੇ 'ਚੋਂ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ੍ਰੀਮਤੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਨੇ ਸ੍ਰੀ ਸਤਿਗੁਰੂ ਸਵਾਮੀ ਬ੍ਰਹਮਾ ਨੰਦ ਭੂਰੀ ਵਾਲਿਆਂ ਦੀ 31 ਵੀਂ ਬਰਸੀ 'ਤੇ ਪੰਜਾਬ ਵਿਧਾਨ ਸਭਾ ਦੀਆਂ ਸਿਰਮੌਰ ਸਖਸ਼ੀਅਤਾਂ ਅਤੇ ਪੰਜਾਬ ਕੈਬਿਨਟ ਦੇ ਮੰਤਰੀਆਂ ਅਤੇ ਆਪਣੇ ਵਿਧਾਨ ਸਭਾ ਸਾਥੀਆਂ ਦਾ ਪੁੱਜਣ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ। ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ, ਐਮ ਐਲ ਏ ਹਲਕਾ ਸਾਹਨੇਵਾਲ, ਦਿਨੇਸ਼ ਚੱਢਾ, ਐਮ ਐਲ ਏ  ਹਲਕਾ ਰੂਪਨਗਰ, ਸਤਨਾਮ ਜਲਾਲਪੁਰ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ, ਮਾਲਵਿੰਦਰ ਸਿੰਘ ਕੰਗ, ਮੁੱਖ ਬੁਲਾਰਾ ਆਪ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਆਪ ਆਗੂ ਲਲਿਤ ਮੋਹਨ ਪਾਠਕ ਤੇ ਸ਼ਿਵ ਕਰਨ ਚੇਚੀ ਨੇ ਵੀ ਹਾਜ਼ਰੀ ਲਗਵਾਈ।