ਬੇਅਦਬੀ ਦੇ ਮਾਮਲਿਆ ਨੂੰ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਗੰਭੀਰਤਾ ਨਾਲ ਲੈ ਕੇ ਏਜੰਸੀਆਂ ਦੇ ਚਿਹਰੇ ਬੇਨਕਾਬ ਕਰੇ : ਪ੍ਰੋ. ਬਡੂੰਗਰ

ਪਟਿਆਲਾ, 20 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ.
ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ
ਗੁਰਦੁਆਰਾ ਸਾਹਿਬਾਨ ਵਿਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ
ਵਿੱਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਨਿੱਤ ਦਿਨ ਬੇਅਦਬੀ ਦੇ ਮਾਮਲੇ ਸਾਹਮਣੇ
ਆਉਣ ਦੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੰਭੀਰਤਾ
ਨਾਲ ਲੈਂਦਿਆਂ ਹੋਇਆਂ ਰਲ ਕੇ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਆਖਰ ਅਜਿਹੀਆਂ
ਕਿਹੜੀਆਂ-ਕਿਹੜੀਆਂ ਏਜੰਸੀਆਂ ਤੇ ਤਾਕਤਾਂ ਹਨ ਜੋ ਬੇਅਦਬੀ ਦੇ ਮਾਮਲੇ ਵਾਪਰਨ ਨੂੰ
ਅੰਜਾਮ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜੋ ਵੀ ਬੇਅਦਬੀ ਦੇ
ਮਾਮਲੇ ਵਿਚ ਗ੍ਰਿਫਤਾਰ ਕੀਤਾ ਜਾਂਦਾ ਹੈ, ਉਸ ਦਾ ਮਾਨਸਿਕ ਸੰਤੁਲਨ ( ਮੰਦਬੁੱਧੀ ) ਠੀਕ
ਨਾ ਹੋਣ ਬੋਲ ਦਿੱਤਾ ਜਾਂਦਾ ਹੈ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ
ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਇਕ ਹਫਤੇ ਵਿਚ ਲਗਾਤਾਰ ਤੀਸਰੀ ਘਟਨਾ ਵਾਪਰਨ ਨੂੰ
ਸੋਖੇ ਵਿੱਚ ਨਹੀਂ ਲਿਆ ਜਾ ਸਕਦਾ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ
ਹੈ ਅਤੇ ਜੋ ਵੀ ਇਨ੍ਹਾਂ ਬੇਅਦਬੀ ਕਰਵਾਉਣ ਦੇ ਪਿੱਛੇ ਸਾਜ਼ਿਸ਼ ਕੰਮ ਕਰ ਰਹੀਆਂ ਹਨ,
ਉਨ੍ਹਾਂ ਦੇ ਚਿਹਰੇ ਬੇਨਕਾਬ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 14 ਮਈ ਨੂੰ
ਇਤਿਹਾਸਿਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ, 17 ਮਈ ਨੂੰ ਰਾਜਪੁਰਾ
ਦੇ ਗੁਰਦੁਆਰਾ ਸਾਹਿਬ ਵਿਖੇ ਅਤੇ ਬੀਤੇ ਦਿਨੀ 19 ਮਈ ਨੂੰ ਪਹਿਲੀ ਪਾਤਸ਼ਾਹੀ ਸ੍ਰੀ
ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਇਕ
ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਅੰਦਰ ਰਾਗੀ ਸਿੰਘਾਂ ਅਤੇ
ਸੇਵਾਦਾਰਾਂ ਨੂੰ ਲਲਕਾਰਨਾ ਤੇ ਸੇਵਾਦਾਰਾਂ ਵੱਲੋਂ ਰੋਕਣ 'ਤੇ ਛੋਟੀ ਕਿਰਪਾਨ ਨਾਲ
ਸੇਵਾਦਾਰਾਂ ਅਤੇ ਰਾਗੀ ਸਿੰਘਾਂ 'ਤੇ ਹਮਲਾ ਕਰਨ ਦੀ ਕੀਤੀ ਕੋਸ਼ਿਸ਼ ਬਰਦਾਸ਼ਤਯੋਗ ਨਹੀਂ
ਹੈ ।
ਉਨ੍ਹਾਂ ਕਿਹਾ ਕਿ ਜਿੰਨੇ ਵੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਹਨ, ਇਹ ਕਿਸੇ ਗਿਣੀ
ਮਿਥੀ ਸਾਜਸ਼ ਦੇ ਅਧੀਨ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਕਿ ਇਸ ਤੋਂ ਪਹਿਲਾਂ 24
ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵੀ ਬੇਅਦਬੀ ਦੀ ਘਟਨਾ ਸਾਹਮਣੇ
ਆਈ ਸੀ, ਤੇ ਉਸ ਬੇਅਦਬੀ ਦੀ ਘਟਨਾ ਦੇ ਆਰੋਪੀ ਨੂੰ ਸੰਗਤ ਵੱਲੋਂ ਗ੍ਰਿਫਤਾਰ ਕਰਕੇ
ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਦੀ ਬਾਅਦ ਵਿੱਚ ਜੇਲ੍ਹ ਵਿੱਚ ਹੀ ਮੌਤ ਹੋ
ਗਈ ਸੀ।