ਪੰਜਾਬ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਸਕੂਲ ਮੁਖੀਆਂ ਨੂੰ ਮਿਡ ਡੇਅ ਮੀਲ ਦੀ ਗੁਣਵੱਤਾ ਸਬੰਧੀ ਰਜਿਸਟਰ ਹਰ ਸਕੂਲ ਵਿੱਚ ਰੱਖਣ ਦੇ ਹੁਕਮ

ਸਾਲ ਵਿੱਚ ਦੋ ਵਾਰ ਮਿਡ ਡੇਅ ਮੀਲ ਵਰਕਰਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਇਆ ਜਾਵੇ
ਨਵਾਂਸ਼ਹਿਰ, 11 ਮਈ : ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਕੂਲ ਵਿੱਚ ਮਿਡ ਡੇ ਮੀਲ ਸਵਾਦ/ਗੁਣਵੱਤਾ ਦੇ ਰਜਿਸਟਰ ਲਾ ਕੇ ਰੱਖਣ, ਜਿਸ ਵਿੱਚ ਰੋਜ਼ਾਨਾ ਮਿਡ ਡੇਅ ਮੀਲ ਨੂੰ ਚੱਖ ਕੇ ਦੇਖਣ ਵਾਲੇ ਸਬੰਧਤ ਵਿਅਕਤੀ ਦੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਬਾਰੇ ਟਿੱਪਣੀ/ਫੀਡਬੈਕ ਦਰਜ ਹੋਵੇ। ਇਹ ਵਿਅਕਤੀ ਸਕੂਲ ਅਧਿਆਪਕ, ਸਕੂਲ ਪ੍ਰਬੰਧਕ ਕਮੇਟੀ ਮੈਂਬਰ ਜਾਂ ਕਿਸੇ ਵਿਦਿਆਰਥੀ ਦੇ ਮਾਪੇ ਹੋ ਸਕਦੇ ਹਨ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਦੌਰੇ ਦੌਰਾਨ ਮੈਂਬਰ ਪੰਜਾਬ ਰਾਜ ਖੁਰਾਕ ਕਮਿਸ਼ਨ ਵਿਜੇ ਦੱਤ ਨੇ ਰੈਲ ਮਾਜਰਾ ਦੀਆਂ ਆਂਗਣਵਾੜੀਆਂ ਦੀ ਚੈਕਿੰਗ ਕੀਤੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਸਬੰਧਤ ਸੀ ਡੀ ਪੀ ਓ ਨੂੰ ਆਂਗਣਵਾੜੀਆਂ ਦੀ ਇਮਾਰਤ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਕਰਨ ਲਈ ਕਿਹਾ।  ਉਨ੍ਹਾਂ ਅਧਿਕਾਰੀਆਂ ਨੂੰ ਰੈਲ ਮਾਜਰਾ ਆਂਗਣਵਾੜੀਆਂ ਦੇ ਦਾਇਰੇ ਵਿੱਚ ਆਉਂਦੇ ਪ੍ਰਧਾਨ ਮੰਤਰੀ ਮਾਤਰੁਵੰਦਨਾ ਯੋਜਨਾ ਲਾਭਪਾਤਰੀਆਂ ਦੇ ਬਕਾਏ ਵੀ ਜਲਦ ਜਾਰੀ ਕਰਵਾਉਣ ਦੇ ਨਿਰਦੇਸ਼ ਦਿੱਤੇ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਆਂਗਣਵਾੜੀ ਇਮਾਰਤਾਂ ਦੇ ਸੁਧਾਰ ਅਤੇ ਨਵੀਨੀਕਰਨ ਲਈ ਗੈਰ-ਸਰਕਾਰੀ ਸੰਗਠਨਾਂ ਜਾਂ ਸਮਰਾਟੀਆਂ ਨਾਲ ਜੁੜਨ ਦਾ ਸੁਝਾਅ ਦਿੱਤਾ।
ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ ਅਤੇ ਸਕੂਲ ਕੰਪਲੈਕਸ ਵਿੱਚ ਚਲਾਈਆਂ ਜਾ ਰਹੀਆਂ ਤਿੰਨ ਆਂਗਣਵਾੜੀਆਂ ਦੇ ਨਿਰੀਖਣ ਦੌਰਾਨ ਉਨ੍ਹਾਂ ਹਾਜ਼ਰ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਆਂਗਣਵਾੜੀ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮਿਆਰੀ ਖੁਰਾਕ ਯਕੀਨੀ ਬਣਾਉਣ। ਉਨ੍ਹਾਂ ਨੇ ਗਰਭਵਤੀ ਮਾਵਾਂ ਨੂੰ ਪ੍ਰਧਾਨ ਮੰਤਰੀ ਮਾਤਰੁਵੰਦਨਾ ਯੋਜਨਾ ਤਹਿਤ 5000 ਰੁਪਏ ਅਤੇ ਦੂਜੀ ਬੱਚੀ ਦੇ ਜਨਮ ਮੌਕੇ 6000 ਰੁਪਏ ਦੀ ਰਾਸ਼ੀ ਸਬੰਧੀ ਜਾਣਕਾਰੀ ਦੇਣ 'ਤੇ ਵੀ ਜ਼ੋਰ ਦਿੱਤਾ।  ਇਸੇ ਤਰ੍ਹਾਂ ਬੀ ਪੀ ਐਲ ਪਰਿਵਾਰਾਂ ਦੇ ਲਾਭਪਾਤਰੀਆਂ ਨੂੰ ਵੀ ਜਣੇਪੇ 'ਤੇ 1000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਬਾਰੇ ਵੀ ਜਾਗਰੂਕ ਕੀਤਾ ਜਾਵੇ।
  ਪੀ.ਐੱਸ.ਐੱਫ.ਸੀ. ਦੇ ਮੈਂਬਰ, ਵਿਜੇ ਦੱਤ ਨੇ ਨੈਸ਼ਨਲ ਫੂਡ ਸੇਫਟੀ ਐਕਟ ਅਧੀਨ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਸ਼ਿਕਾਇਤ ਨੰਬਰ 9876764545 ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਸ਼ਿਕਾਇਤ ਬਕਸੇ ਵੀ ਲਗਾਉਣ ਦੇ ਆਦੇਸ਼ ਦਿੱਤੇ।
ਉਨ੍ਹਾਂ ਪਿੰਡ ਮਹਾਲੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸਮਾਰਟ ਹਾਈ ਸਕੂਲ ਅਤੇ ਆਂਗਣਵਾੜੀ ਦਾ ਵੀ ਦੌਰਾ ਕੀਤਾ। ਉਨ੍ਹਾਂ ਅਨਾਜ ਦੇ ਭੰਡਾਰਨ, ਸਫ਼ਾਈ ਅਤੇ ਹੋਰ ਸਹੂਲਤਾਂ ਦਾ ਨਿਰੀਖਣ ਕੀਤਾ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਿਡ ਡੇਅ ਮੀਲ ਰਸੋਈਆਂ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਣ।
  ਉਨ੍ਹਾਂ ਨੇ ਮਿਡ ਡੇਅ ਮੀਲ ਵਰਕਰਾਂ ਦੀ ਸਿਹਤ ਨੂੰ ਵਿਦਿਆਰਥੀਆਂ ਵਾਂਗ ਮਹੱਤਵਪੂਰਨ ਦੱਸਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਾਲ ਵਿੱਚ ਦੋ ਵਾਰ ਵਰਕਰਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੀ ਸਿਹਤ ਜਾਂਚ ਨੂੰ ਵੀ ਯਕੀਨੀ ਬਣਾਉਣ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੇ ਐਨ.ਐਫ.ਐਸ.ਏ. ਤਹਿਤ ਅਨਾਜ ਦੀ ਵੰਡ ਸਬੰਧੀ ਮੈਂਬਰ ਨੂੰ ਜਾਣੂ ਕਰਵਾਇਆ।  ਫੂਡ ਕਮਿਸ਼ਨ ਦੇ ਮੈਂਬਰ ਨੇ ਉਨ੍ਹਾਂ ਨੂੰ ਹਰ ਜਾਇਜ਼ ਲਾਭਪਾਤਰੀ ਤੱਕ ਅਨਾਜ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਮਿਡ ਡੇਅ ਮੀਲ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹ ਮਿਲਣ ਤੋਂ ਇਲਾਵਾ ਅਨਾਜ ਅਤੇ ਹੋਰ ਸਮੱਗਰੀ ਦੀ ਸਮੇਂ ਸਿਰ ਸਪਲਾਈ ਮਿਲਣ ਬਾਰੇ ਵੀ ਪੁੱਛਿਆ।
  ਦੌਰੇ ਦੌਰਾਨ ਹਾਜ਼ਰ ਅਧਿਕਾਰੀਆਂ ਵਿੱਚ ਡਿਪਟੀ ਡੀ ਈ ਓ (ਪ੍ਰਾਇਮਰੀ) ਵਰਿੰਦਰ ਕੁਮਾਰ, ਸੀ ਡੀ ਪੀ ਓਜ਼ ਦਵਿੰਦਰ ਕੌਰ, ਗੁਰਚਰਨ ਸਿੰਘ ਅਤੇ ਪੂਰਨ ਪੰਕਜ ਪ੍ਰਕਾਸ਼, ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ ਸ਼ਾਮਲ ਸਨ।
ਫ਼ੋਟੋ ਕੈਪਸ਼ਨ:
ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੀਰਵਾਰ ਨੂੰ ਨਵਾਂਸ਼ਹਿਰ ਦੇ ਦੌਰੇ ਦੌਰਾਨ ਲੰਗੜੋਆ ਅਤੇ ਮਹਾਲੋਂ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਦੌਰਾਨ ਨਜ਼ਰ ਆ ਰਹੇ ਹਨ।