ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੀਆਂ ਤਿੰਨ ਖੱਡਾਂ ’ਚ ਹੁਣ ਤੱਕ ਵਿਕੀ 25926 ਟਨ ਰੇਤਾ , 37.79 ਲੱਖ ਰੁਪਏ ਦੀ ਹੋਈ ਆਮਦਨ: ਡਿਪਟੀ ਕਮਿਸ਼ਨਰ

ਫਰਵਰੀ ਤੋਂ 18 ਮਈ ਤੱਕ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ 35 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਵਸੂਲਿਆ ਗਿਆ
ਅੰਤਰਰਾਜੀ ਚੈਕ ਪੋਸਟਾਂ 'ਤੇ ਚੈਕਿੰਗ ਦੌਰਾਨ 1338.06 ਲੱਖ ਰੁਪਏ ਦਾ ਮਾਲੀਆ ਹੋਇਆ ਪ੍ਰਾਪਤ
ਹੁਸ਼ਿਆਰਪੁਰ, 19 ਮਈ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਵੱਖ-ਵੱਖ ਮਾਈਨਿੰਗ ਸਾਈਟਾਂ 'ਤੇ ਲੋਕਾਂ ਨੂੰ ਜਿਥੇ ਸਸਤੀ ਰੇਤ ਮੁਹੱਈਆ ਕਰਵਾਈ ਜਾ ਰਹੀ ਹੈ, ਉੱਥੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵੱਲੋਂ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ 'ਤੇ ਸ਼ਿਕੰਜਾ ਕੱਸ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਅੰਤਰਰਾਜੀ ਚੈਕਿੰਗ ਪੋਸਟਾਂ 'ਤੇ ਚੈਕਿੰਗ ਦੌਰਾਨ ਮਾਲੀਆ ਵੀ ਵਧਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੀਆਂ ਤਿੰਨ ਖਾਣਾਂ ਬਸੀ ਗੁਲਾਮ ਹੁਸੈਨ, ਮਹਿਲਾਵਾਲੀ ਅਤੇ ਡਗਾਣਾ ਕਲਾਂ ਵਿੱਚ 21 ਅਪ੍ਰੈਲ ਤੋਂ 18 ਮਈ ਤੱਕ 25,926 ਟਨ ਰੇਤ ਦੀ ਵਿਕਰੀ ਹੋਈ ਹੈ, ਜਿਸ ਤੋਂ ਪੰਜਾਬ ਸਰਕਾਰ ਨੂੰ 37.79 ਲੱਖ ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ ਤੋਂ 30 ਅਪ੍ਰੈਲ ਤੱਕ 6506 ਟਨ ਰੇਤ ਦੀ ਵਿਕਰੀ ਹੋਈ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ 9.39 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਅਤੇ 01 ਮਈ ਤੋਂ 18 ਮਈ ਤੱਕ 19,420 ਟਨ ਰੇਤ ਦੀ ਵਿਕਰੀ ਹੋਈ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ 28.4 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਤਰਰਾਜੀ ਚੈਕਿੰਗ ਪੋਸਟਾਂ 'ਤੇ ਚੈਕਿੰਗ ਦੌਰਾਨ ਫਰਵਰੀ ਤੋਂ 18 ਮਈ ਤੱਕ 1338.06 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਜਿਸ ਵਿੱਚ ਫਰਵਰੀ 2023 ਵਿੱਚ 275.93 ਲੱਖ ਰੁਪਏ, ਮਾਰਚ ਵਿੱਚ 387.11 ਲੱਖ ਰੁਪਏ, ਅਪ੍ਰੈਲ ਵਿੱਚ 406.55 ਲੱਖ ਰੁਪਏ ਅਤੇ 18 ਮਈ 2023 ਤੱਕ 268.47 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫ਼ਰਵਰੀ ਤੋਂ ਹੁਣ ਤੱਕ ਜ਼ਿਲ੍ਹੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ (ਗੈਰ-ਕਾਨੂੰਨੀ ਢੋਆ-ਢੁਆਈ) ਕਰਕੇ 35,40,051 ਰੁਪਏ ਜ਼ੁਰਮਾਨਾ ਵਸੂਲਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਪੰਜਾਬ ਮਿਨਰਲ ਐਕਟ-2013 ਦੇ ਨਿਯਮ 74 ਅਤੇ 75 ਤਹਿਤ ਫਰਵਰੀ 2023 ਵਿੱਚ 10,33,060 ਰੁਪਏ, ਮਾਰਚ ਵਿੱਚ 5,62,291 ਰੁਪਏ, ਅਪ੍ਰੈਲ ਵਿੱਚ 6,67,093 ਰੁਪਏ ਅਤੇ ਮਈ ਵਿੱਚ 11,77,607 ਰੁਪਏ ਜ਼ੁਰਮਾਨਾ ਵਸੂਲਿਆ ਗਿਆ ਹੈ। ਇਸ ਤੋਂ ਇਲਾਵਾ ਦਸੂਹਾ ਵਿੱਚ ਪੰਜ ਟਿੱਪਰ ਜ਼ਬਤ ਕਰਕੇ ਟਿੱਪਰ ਮਾਲਕਾਂ ਨੂੰ 10 ਲੱਖ ਰੁਪਏ ਜ਼ੁਰਮਾਨਾ ਕੀਤਾ ਗਿਆ।