ਆਮ ਆਦਮੀ ਕਲੀਨਿਕ ਬਣੇ ਲੋਕਾਂ ਦੀ ਸਿਹਤ ਦੇ ਜਾਮਨ - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪਿਛਲੇ ਤਿੰਨ ਮਹੀਨਿਆਂ ’ਚ 25551 ਮਰੀਜ਼ਾਂ ਨੂੰ ਮੁਫ਼ਤ ਇਲਾਜ ਮਿਲਿਆ

3281 ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ-ਜ਼ਿਲ੍ਹੇ 'ਚ ਇਸ ਵੇਲੇ 11 ਆਮ ਆਦਮੀ ਕਲੀਨਿਕ ਕਾਰਜਸ਼ੀਲ
ਨਵਾਂਸ਼ਹਿਰ, 3 ਮਈ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰਾਂ ਨੇੜੇ ਮੁਫ਼ਤ ਸਿਹਤ
ਸੰਭਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਾਪਿਤ
ਕੀਤੇ ਗਏ ਆਮ ਆਦਮੀ ਕਲੀਨਿਕ ਆਮ ਲੋਕਾਂ ਦੀ ਸਿਹਤ ਦੇ ਜਾਮਨ ਬਣਨ ਲੱਗੇ ਹਨ। ਜ਼ਿਲ੍ਹੇ 'ਚ
ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੇ ਇਨ੍ਹਾਂ ਕਲੀਨਕਾਂ ਤੋਂ ਆਪਣਾ ਮੁਫ਼ਤ ਇਲਾਜ ਕਰਵਾ ਕੇ
ਸਰਕਾਰ ਦੀ ਇਸ ਮੁਫ਼ਤ ਸਿਹਤ ਸੰਭਾਲ ਗਾਰੰਟੀ ਦਾ ਲਾਭ ਲਿਆ ਹੈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ
ਸਿਹਤ ਜਾਂਚ ਦਾ ਵੱਡਾ ਫ਼ਾਇਦਾ ਲੋਕਾਂ ਨੂੰ ਕਿਸੇ ਕਿਸਮ ਦੀ ਗੰਭੀਰ ਬਿਮਾਰੀ ਦੇ ਲੱਛਣ
ਸਾਹਮਣੇ ਆਉਣ 'ਤੇ ਤੁਰੰਤ ਨੇੜਲੇ ਕਮਿਊਨਿਟੀ ਹੈਲਥ ਸੈਂਟਰ/ਜ਼ਿਲ੍ਹਾ ਹਸਪਤਾਲ ਅਗਲੇਰੀ
ਜਾਂਚ ਲਈ ਰੈਫ਼ਰ ਕੀਤਾ ਜਾਂਦਾ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਵਧਣ ਤੋਂ ਪਹਿਲੇ ਪੜਾਅ
'ਤੇ ਹੀ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਇਸ ਮੌਕੇ 11 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਅਤੇ 6
ਹੋਰ ਜਲਦ ਲੋਕਾਂ ਦੀ ਸੇਵਾ 'ਚ ਅਰਪਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜ਼ਿਲ੍ਹੇ 'ਚ
ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਪਿਛਲੇ ਤਿੰਨ ਮਹੀਨੇ 'ਚ 25551 ਮਰੀਜ਼ ਮੁਫ਼ਤ ਦਵਾਈ
ਲੈ ਚੁੱਕੇ ਹਨ ਜਦਕਿ 3281 ਨੂੰ ਮੁਫ਼ਤ ਕਲੀਨੀਕਲ ਟੈਸਟਾਂ ਦੀ ਸੁਵਿਧਾ ਦਾ ਲਾਭ ਦਿੱਤਾ
ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਤਿਆਰ ਕਲੀਨਿਕਾਂ 'ਚ ਪਨਿਆਲੀ, ਔੜ, ਕਮਾਮ,
ਭਾਰਟਾ ਖੁਰਦ, ਖਟਕੜ ਕਲਾਂ ਅਤੇ ਸੰਧਵਾਂ-ਫਰਾਲਾ ਸ਼ਾਮਿਲ ਹਨ, ਜਿੱਥੇ ਲੋੜੀਂਦੇ ਸਟਾਫ਼ ਦਾ
ਪ੍ਰਬੰਧ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਇਨ੍ਹਾਂ ਨੂੰ ਵੀ ਲੋਕ
ਅਰਪਣ ਕਰ ਦਿੱਤਾ ਜਾਵੇਗਾ।
ਆਮ ਆਦਮੀ ਕਲੀਨਿਕਾਂ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਜੀਤ ਕੌਰ ਦਾ ਕਹਿਣਾ ਹੈ ਕਿ ਆਮ
ਆਦਮੀ ਕਲੀਨਿਕਾਂ ਵਿਖੇ 78 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ ਐਚ ਬੀ,
ਬਲੱਡ ਸ਼ੂਗਰ, ਬਲੱਡ ਗਰੁੱਪ, ਐਚ ਆਈ ਵੀ, ਐਚ ਸੀ ਵੀ (ਕਾਲਾ ਪੀਲੀਆ), ਐਚ ਬੀ ਐਸ ਏ ਜੀ
(ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਤ), ਵੀ ਡੀ ਆਰ ਐਲ (ਗਰਭ ਦੌਰਾਨ ਜਾਂਚ), ਪਿਸ਼ਾਬ
ਰਾਹੀਂ ਸ਼ੂਗਰ ਦੀ ਜਾਂਚ, ਪਿਸ਼ਾਬ ਰਾਹੀਂ ਅਲਬੁਮੇਨ ਦੀ (ਪੀਲੀਆ) ਜਾਂਚ, ਪਿਸ਼ਾਬ ਰਾਹੀਂ
ਗਰਭ ਦੀ ਜਾਂਚ, ਖੂਨ ਰਾਹੀਂ ਮਲੇਰੀਆ ਦੀ ਜਾਂਚ ਆਦਿ ਟੈਸਟ ਮੁਫ਼ਤ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ
ਕਰਵਾਉਣ ਦੀ ਵਚਨਬੱਧਤਾ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ 11 ਆਮ
ਆਦਮੀ ਕਲੀਨਿਕਾਂ ਵਿੱਚੋਂ ਪਿਛਲੇ ਤਿੰਨ ਮਹੀਨਿਆਂ 'ਚ ਆਮ ਆਦਮੀ ਕਲੀਨਿਕ ਕਾਠਗੜ੍ਹ
ਵਿਖੇ 2783 ਮਰੀਜ਼ਾਂ ਦਾ ਇਲਾਜ ਤੇ 290 ਦਾ ਟੈਸਟ, ਆਮ ਆਦਮੀ ਕਲੀਨਿਕ ਟਕਾਰਲਾ ਵਿਖੇ
1567 ਮਰੀਜ਼ਾਂ ਦਾ ਇਲਾਜ ਤੇ 135 ਦੇ ਟੈਸਟ, ਆਮ ਆਦਮੀ ਕਲੀਨਿਕ ਖਾਨਖਾਨਾ ਵਿਖੇ 2056
ਮਰੀਜ਼ਾਂ ਦਾ ਇਲਾਜ ਤੇ 306 ਦੇ ਟੈਸਟ, ਆਮ ਆਦਮੀ ਕਲੀਨਿਕ ਬਹਿਰਾਮ ਵਿਖੇ 1634 ਮਰੀਜ਼ਾਂ
ਦਾ ਇਲਾਜ ਤੇ 373 ਦੇ ਟੈਸਟ, ਆਮ ਆਦਮੀ ਕਲੀਨਿਕ ਸੱੁਜੋਂ ਵਿਖੇ 2239 ਮਰੀਜ਼ਾਂ ਦਾ ਇਲਾਜ
ਤੇ 544 ਦੇ ਟੈਸਟ, ਆਮ ਆਦਮੀ ਕਲੀਨਿਕ ਜਾਡਲਾ ਵਿਖੇ 3257 ਮਰੀਜ਼ਾਂ ਦਾ ਇਲਾਜ ਤੇ 210
ਦਾ ਟੈਸਟ, ਆਮ ਆਦਮੀ ਕਲੀਨਿਕ ਜੱਬੋਵਾਲ ਵਿਖੇ 2987 ਮਰੀਜ਼ਾਂ ਦੀ ਸਿਹਤ ਜਾਂਚ ਤੇ 440
ਦੇ ਕਲੀਨੀਕਲ ਟੈਸਟ, ਆਮ ਆਦਮੀ ਕਲੀਨਿਕ ਪੋਜੇਵਾਲ ਵਿਖੇ 2426 ਮਰੀਜ਼ਾਂ ਦੀ ਸਿਹਤ ਜਾਂਚ
ਤੇ 324 ਦੇ ਕਲੀਨੀਕਲ ਟੈਸਟ, ਆਮ ਆਦਮੀ ਕਲੀਨਿਕ ਸਾਹਿਬਾ ਵਿਖੇ 1761 ਦੀ ਸਿਹਤ ਜਾਂਚ
ਤੇ 274 ਦੇ ਕਲੀਨੀਕਲ ਟੈਸਟ ਤੇ ਆਮ ਆਦਮੀ ਕਲੀਨਿਕ ਕਟਾਰੀਆ ਵਿਖੇ 1278 ਦੀ ਸਿਹਤ ਜਾਂਚ
ਅਤੇ 261 ਦੇ ਕਲੀਨੀਕਲ ਟੈਸਟ ਕੀਤੇ ਗਏ। ਉੁਨ੍ਹਾਂ ਦੱਸਿਆ ਕਿ ਰਾਹੋਂ ਵਿਖੇ ਆਮ ਆਮਦੀ
ਕਲੀਨਿਕ ਖੋਲ੍ਹਣ ਤੋਂ ਲੈ ਕੇ ਹੁਣ ਤੱਕ 4637 ਮਰੀਜ਼ਾਂ ਦਾ ਇਲਾਜ ਅਤੇ 223 ਦੇ ਕਲੀਨੀਕਲ
ਟੈਸਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਪ੍ਰਤੀ ਆਮ ਲੋਕਾਂ
ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਨ੍ਹਾਂ ਕਲੀਨਿਕਾਂ ਵਿੱਚ ਆਮ
ਬਿਮਾਰੀਆਂ ਦੀ ਜਾਂਚ ਅਤੇ ਕਲੀਨੀਕਲ ਟੈਸਟਾਂ ਸਮੇਤ ਵੱਖ-ਵੱਖ ਸੇਵਾਵਾਂ ਆਮ ਲੋਕਾਂ ਨੂੰ
ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਆਮ ਆਦਮੀ ਕਲੀਨਿਕ ਬਣਾਉਣ ਦਾ ਮੰਤਵ ਲੋਕਾਂ ਨੂੰ ਸ਼ੁਰੂਆਤੀ
ਪੱਧਰ 'ਤੇ ਹੁੰਦੀਆਂ ਬਿਮਾਰੀਆਂ ਦੀ ਸਕਰੀਨਿੰਗ ਕਰਕੇ ਤੁਰੰਤ ਉੱਚ ਪੱਧਰ ਦਾ ਇਲਾਜ
ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਮੇਂ ਸਿਰ ਇਲਾਜ ਮਿਲਣ ਨਾਲ ਬਿਮਾਰੀ ਨੂੰ ਵਧਣ ਤੋਂ
ਰੋਕਿਆ ਜਾ ਸਕੇ।