ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਮਾਲੀ ਸਹਾਇਤਾ ਦਿੱਤੀ ਜਾਵੇਗੀ- ਖੇਤੀਬਾੜੀ ਅਫਸਰ ਨਵਾਂਸ਼ਹਿਰ

ਪਿਛਲੇ ਸਾਲ ਨਵਾਂਸ਼ਹਿਰ ਬਲਾਕ 'ਚ 1.77 ਲੱਖ ਰੁਪਏ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ
ਸਨਮਾਨ ਰਾਸ਼ੀ ਵਜੋਂ ਦਿੱਤੇ ਗਏ
ਨਵਾਂਸ਼ਹਿਰ, 19 ਮਈ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਝੋਨੇ
ਦੀ ਸਿੱਧੀ ਬਿਜਾਈ ਦੇ ਲਾਭ ਦੱਸਦਿਆਂ, ਇਸ ਵਿਧੀ ਨੂੰ ਵੱਧ ਤੋਂ ਵੱਧ ਅਪਣਾਏ ਜਾਣ ਦੀ
ਅਪੀਲ ਕੀਤੀ ਹੈ। ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਡਾ. ਰਾਜ ਕੁਮਾਰ ਨੇ ਕਿਹਾ ਕਿ
ਝੋਨੇ ਦੀ ਸਿੱਧੀ ਬਿਜਾਈ ਨੂੰ ਵੱਡੇ ਪੱਧਰ 'ਤੇ ਕਿਸਾਨ ਅਪਣਾ ਰਹੇ ਹਨ। ਇਸ ਨਾਲ
ਕਿਸਾਨਾਂ ਦੇ ਬਹੁਤ ਸਾਰੇ ਖੇਤੀ ਕੰਮ ਜਿਵੇਂ ਕਿ ਕੱਦੂ ਕਰਨਾ, ਪਨੀਰੀ ਬੀਜਣਾ, ਲੇਬਰ ਦੀ
ਲੋੜ, ਖੇਤਾਂ ਦੀਆਂ ਵੱਟਾਂ ਲਿਪਣਾ ਆਦਿ ਖਤਮ ਹੋ ਜਾਂਦੇ ਹਨ। ਇਸ ਨਾਲ ਮਸ਼ੀਨਰੀ ਦੀ
ਟੁੱਟ-ਭੱਜ ਵੀ ਘੱਟ ਹੁੰਦੀ ਹੈ। ਕੁਦਰਤੀ ਸੋਮੇ ਪਾਣੀ ਦੀ ਬੱਚਤ ਦੇ ਨਾਲ-ਨਾਲ ਖੇਤੀ
ਖਰਚਿਆ ਚ ਵੀ ਕਮੀ ਆਉਂਦੀ ਹੈ। ਸਿੱਧੀ ਬਿਜਾਈ ਵਾਲੇ ਖੇਤਾਂ 'ਚ ਮੀਂਹ ਦੇ ਪਾਣੀ ਦੀ
ਜੀਰਨ ਸਮਰੱਥਾ ਵੱਧ ਹੁੰਦੀ ਹੈ। ਜਿਸ ਕਾਰਨ ਜ਼ਮੀਨ ਹੇਠ ਪਾਣੀ ਦਾ ਤਲ ਚ ਵਾਧਾ ਹੁੰਦਾ
ਹੈ। ਇਨ੍ਹਾਂ ਖੇਤਾਂ 'ਚ ਅਗਲੀ ਫ਼ਸਲ ਜਿਵੇਂ ਕਿ ਕਣਕ ਦੇ ਝਾੜ 'ਚ ਵੀ ਵਾਧਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਬਲਾਕ ਵੱਲੋਂ ਸਿੱਧੀ ਬਿਜਾਈ ਕਰਨ ਵਾਲੇ
ਕਿਸਾਨਾਂ ਦੇ ਖਾਤਿਆ ਚ 1.77 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਸੀ। ਇਸ ਵਾਰ
ਵੀ ਪ੍ਰਤੀ ਏਕੜ 1500 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਸਿੱਧੀ ਬਿਜਾਈ ਕਰਨ
ਵਾਲੇ ਕਿਸਾਨ ਪੋਰਟਲ 'ਤੇ ਅਪਲਾਈ ਕਰਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਝੋਨੇ
ਦੀ ਕਿਸਮ ਪੀ.ਆਰ-126 ਦਾ ਬੀਜ ਬਲਾਕ ਦਫਤਰਾਂ ਵਿੱਚੋਂ ਕਿਸਾਨ ਪ੍ਰਾਪਤ ਕਰ ਸਕਦੇ ਹਨ।
ਇਸ ਦੇ ਨਾਲ ਹੀ ਮੱਕੀ ਦਾ ਬੀਜ ਉਪਦਾਨ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ
ਹੈ। ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਸਰਬਜੀਤ ਸਿੰਘ
ਖੇਤੀਬਾੜੀ ਉਪ ਨਿਰੀਖਕ ਵੀ ਮੌਜੂਦ ਸਨ।