ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ 1500 ਰੁਪਏ ਪ੍ਰਤੀ ਏਕੜ ਦੀ ਸਨਮਾਨ ਰਾਸ਼ੀ ਮਿਲੇਗੀ
ਨਵਾਂਸ਼ਹਿਰ, 16 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕਲ੍ਹ ਸੂਬੇ
ਵਿਚ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਬਿਜਾਈ ਨੂੰ ਲੈ ਕੇ ਕੀਤੇ ਐਲਾਨ ਮੁਤਾਬਕ ਸ਼ਹੀਦ ਭਗਤ
ਸਿੰਘ ਨਗਰ ਜ਼ਿਲ੍ਹੇ 'ਚ ਝੋਨੇ ਦੀ ਲੁਆਈ (ਪਨੀਰੀ ਤਿਆਰ ਕਰਨ ਤੋਂ ਬਾਅਦ) 16 ਜੂਨ ਤੋਂ
ਸ਼ੁਰੂ ਹੋਵੇਗੀ ਜਦਕਿ ਸਿੱਧੀ ਬਿਜਾਈ (ਡੀ ਐਸ ਆਰ) 20 ਮਈ ਤੋਂ ਕੀਤੀ ਜਾ ਸਕੇਗੀ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ
ਪੰਜਾਬ ਸਰਕਾਰ ਵੱਲੋਂ ਸੂਬੇ 'ਚ ਝੋਨੇ ਦੀ ਬਿਜਾਈ ਨੂੰ ਚਾਰ ਪੜਾਵਾਂ 'ਚ ਵੰਡ ਕੇ ਸਮਾਂ
ਸਾਰਣੀ ਤੈਅ ਕੀਤੇ ਜਾਣ ਬਾਅਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ 16 ਜੂਨ ਤੋਂ ਬਿਜਾਈ ਕਰ
ਸਕਣ ਵਾਲੇ ਦੂਜੇ ਪੜਾਅ ਦੇ ਜ਼ਿਲ੍ਹਿਆਂ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉੁਹ ਪਨੀਰੀ ਬੀਜ ਕੇ ਝੋਨਾ ਉਕਤ
ਮਿਤੀ ਤੋਂ ਲਾਉਣਾ ਸ਼ੁਰੂ ਕਰ ਸਕਦੇ ਹਨ ਪਰ ਸਰਕਾਰ ਵੱਲੋਂ ਸਿੱਧੀ ਬਿਜਾਈ ਨੂੰ ਉਤਸ਼ਾਹਿਤ
ਕਰਨ ਦੇ ਉਦੇਸ਼ ਅਨੁਸਾਰ 20 ਮਈ ਤੋਂ ਸਿੱਧੀ ਬਿਜਾਈ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ
ਕਿ ਸਿੱਧੀ ਬਿਜਾਈ ਲਈ ਕਿਸਾਨ 1500 ਰੁਪਏ ਪ੍ਰਤੀ ਏਕੜ ਦੀ ਸਨਮਾਨ ਰਾਸ਼ੀ ਦੇ ਹੱਕਦਾਰ ਵੀ
ਬਣ ਸਕਦੇ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ 16 ਜੂਨ ਤੋਂ
ਝੋਨੇ ਦੀ ਬਿਜਾਈ ਲਈ ਲੋੜੀਂਦੀ 8 ਘੰਟੇ ਰੋਜ਼ਾਨਾ ਦੀ ਬਿਜਲੀ ਦਾ ਪ੍ਰਬੰਧ ਵੀ ਪਾਵਰਕਾਮ
ਵੱਲੋਂ ਕਰ ਲਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 16 ਜੂਨ
ਤੋਂ ਪਹਿਲਾਂ ਝੋਨੇ ਦੀ ਪਨੀਰੀ ਬੀਜਣ ਵਾਸਤੇ ਵੀ ਚਾਰ ਘੰਟੇ ਰੋਜ਼ਾਨਾ ਬਿਜਲੀ ਸਪਲਾਈ
ਯਕੀਨੀ ਬਣਾਈ ਜਾਵੇਗੀ।
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਚੋਪੜਾ ਨੇ ਜ਼ਿਲ੍ਹੇ ਦੇ ਕਿਸਾਨਾਂ
ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਇਨ੍ਹਾਂ ਤਰੀਕਾਂ ਤੋਂ
ਪਹਿਲਾਂ ਝੋਨਾ ਲਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ
ਉਤਸ਼ਾਹਿਤ ਕਰਦਿਆਂ ਕਿਹਾ ਕਿ ਸਿੱਧੀ ਬਿਜਾਈ 20 ਮਈ ਤੋਂ 31 ਮਈ ਦੇ ਵਿਚਾਲੇ ਕਰਨੀ
ਲਾਹੇਵੰਦੀ ਰਹੇਗੀ। ਇਸ ਤਕਨੀਕ ਨਾਲ ਧਰਤੀ ਹੇਠਲਾ ਪਾਣੀ ਨੂੰ 15 ਤੋਂ 20 ਫ਼ੀਸਦੀ ਬਚਾਉਣ
ਦੇ ਨਾਲ-ਨਾਲ 10-15 ਫ਼ੀਸਦੀ ਰੀਚਾਰਜ ਕਰਨ 'ਚ ਵੀ ਮੱਦਦ ਮਿਲੇਗੀ। ਇਸ ਤੋਂ ਵੀ ਅੱਗੇ
ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਸਨਮਾਨ ਰਾਸ਼ੀ ਵੀ ਸਿੱਧੀ ਬਿਜਾਈ ਕਰਨ 'ਤੇ
ਮਿਲੇਗੀ। ਉਨ੍ਹਾਂ ਦੱਸਿਆ ਕਿ ਇੱਕ ਅਨੁਮਾਨ ਮੁਤਾਬਕ ਸਿੱਧੀ ਬਿਜਾਈ ਕਰਨ ਨਾਲ 3000
ਰੁਪਏ ਪ੍ਰਤੀ ਏਕੜ ਦੀ ਬਿਜਾਈ ਖਰਚਿਆਂ 'ਤੇ ਵੀ ਬੱਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼
ਕੀਤੀਆਂ ਝੋਨੇ ਦੀਆਂ ਪੀ.ਆਰ. ਕਿਸਮਾਂ ਨੂੰ ਹੀ ਅਪਣਾਉਣਾ ਚਾਹੀਦਾ ਹੈ ਅਤੇ ਪੂਸਾ ਝੋਨੇ
ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ।