ਨਵਾਂਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਨਾ ਮਿਲਣ ਕਾਰਨ ਲੋਕਾਂ ਨੇ ਧਰਨਾ ਲਗਾਇਆ

ਨਵਾਂਸ਼ਹਿਰ 10 ਮਈ : ਚੰਡੀਗੜ੍ਹ ਰੋਡ ਨਵਾਂਸ਼ਹਿਰ ਤੇ ਸਥਾਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ  ਦਾਖਲਾ ਨਾ ਦੇਣ ਕਾਰਨ ਸਕੂਲ ਪ੍ਰਿੰਸੀਪਲ ਵਿਰੁੱਧ ਵਿਦਿਆਰਥੀਆਂ  ਦੇ ਮਾਪਿਆਂ ਵੱਲੋਂ ਸਕੂਲ ਦੇ ਮੁੱਖ ਗੇਟ ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲ ਵਾਲੇ ਆਪਣੇ ਹੀ ਸਕੂਲ ਦੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਆਨਾ ਕਾਨੀ ਕਰ ਰਹੀ ਹੈ। ਜਿੱਥੇ, ਇੱਕ ਪਾਸੇ ਸਿੱਖਿਆ ਵਿਭਾਗ ਦਾਖਲਾ ਵਧਾਉਣ ਦਾ ਢੰਡੋਰਾ ਪਿੱਟ ਰਿਹਾ ਹੈ, ਦੂਸਰੇ ਪਾਸੇ ਸਰਕਾਰੀ ਸਕੂਲ ਵਾਲੇ  ਵਿਦਿਆਰਥੀਆਂ ਨੂੰ ਦਾਖਲੇ ਲਈ ਬਾਰ ਬਾਰ ਪ੍ਰੇਸ਼ਾਨ ਕਰ ਰਹੇ ਹਨ। ਕਦੇ ਸਕੂਲ ਆਫ ਐਮੀਨੀਏਸਨ ਜਾਂ ਹੋਰ ਹਵਾਲਾ ਦੇ ਕੇ ਟੈਸਟ ਲਏ ਜਾ ਰਹੇ ਹਨ।  ਇਹਨਾਂ ਗੱਲਾਂ ਨਾਲ ਵਿਦਿਆਰਥੀਆਂ ਦਾ ਮਨੋਬਲ ਡਿਗ ਰਿਹਾ ਹੈ ਉੱਥੇ  ਵਿਦਿਆਰਥੀਆਂ ਦੇ ਮਾਪਿਆਂ ਦੀ ਖੱਜਲ ਖੁਆਰੀ ਵੀ ਹੋ ਰਹੀ ਹੈ । ਮਾਪਿਆਂ ਵਲੋਂ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਦੇਣ ਲਈ ਸੰਸਥਾ ਦੀ ਪ੍ਰਬੰਧਕੀ ਕਮੇਟੀ ਨੂੰ ਹੁਕਮ ਜਾਰੀ ਕੀਤੇ ਜਾਣ, ਨਹੀਂ ਤਾਂ ਇਸ ਸਬੰਧੀ ਵੱਡੇ ਪੱਧਰ ਤੇ ਸੰਘਰਸ਼ ਦੀ ਮੁਹਿੰਮ ਵਿੱਢੀ ਜਾਵੇਗੀ। ਦੂਸਰੇ ਪਾਸੇ ਸਰਕਾਰੀ ਸਕੂਲ ਦੇ ਮੁਖੀ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਤਾਂ ਉਹ ਜਲੰਧਰ ਜ਼ਿਮਨੀ ਚੋਣ ਵਿਚ  ਆਪਣੀ ਵੋਟ ਪਾਉਣ ਗਏ ਸਨ ਅਤੇ ਉਹਨਾਂ ਨੇ ਡਿਪਟੀ ਜ਼ਿਲ੍ਹਾ ਅਫਸਰ ਰਾਜ਼ੇਸ਼ ਕੁਮਾਰ ਨਾਲ ਧਰਨੇ ਬਾਰੇ ਗੱਲ ਕਰਨ ਨੂੰ ਕਿਹਾ। ਡਿਪਟੀ ਜ਼ਿਲ੍ਹਾ ਅਫਸਰ ਰਾਜ਼ੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਹੈ ਅਤੇ ਇਸ ਸਬੰਧੀ ਉਹ ਪ੍ਰਿੰਸੀਪਲ ਨਾਲ ਰਾਬਤਾ ਕਰਕੇ ਸਾਰਾ ਮਸਲਾ ਹੱਲ ਕਰਨਗੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਸਥਾ ਦੇ ਮੌਜੂਦਾ ਮੁਖੀ ਦਾਖਲਿਆਂ ਨੂੰ ਲੈ ਕੇ ਅਤੇ ਵੱਧ ਫੀਸਾਂ ਵਸੂਲਣ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੇ ਹਨ, ਜਿਸ ਦੀਆਂ ਵਿਭਾਗ ਪਾਸ ਕਈ ਵਾਰ ਸ਼ਿਕਾਇਤਾਂ ਵੀ ਜਾ ਚੁੱਕੀਆ ਹਨ। ਲੋਕਾਂ ਵਲੋਂ 'ਕੱਟੜ ਇਮਾਨਦਾਰ ਕਹਾਉਣ ਵਾਲੀ ਮੌਜੂਦਾ ਭਗਵੰਤ ਮਾਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਦਾ ਇਸ ਸਕੂਲ ਵਿਚ ਦਾਖਲਾ ਕੀਤਾ ਜਾਵੇ ਅਤੇ ਉਹਨਾਂ ਦਾ ਭਵਿੱਖ ਬਚਾਇਆ ਜਾਵੇ ।