ਨਵੀਨਤਮ ਮਸ਼ੀਨਰੀ, ਲੋ-ਟੰਨਲ, ਮਲਚਿੰਗ ਅਤੇ ਗਰੀਨ ਹਾਊਸ ਤਕਨੀਕ ਨਾਲ 20 ਏਕੜਾਂ ’ਚ ਕਰ ਰਿਹਾ ਸਬਜ਼ੀਆਂ ਦੀ ਲਾਹੇਵੰਦੀ ਕਾਸ਼ਤ ਅਮਰਜੀਤ ਸਿੰਘ

500 ਏਕੜ ਤੱਕ ਦੀ ਸਬਜ਼ੀ ਦੀ ਪਨੀਰੀ ਤਿਆਰ ਕਰਕੇ ਕਰਦਾ ਹੈ ਸਪਲਾਈ, ਗੰਨਾ, ਆਲੂ, ਕਣਕ, ਮੱਕੀ, ਝੋਨਾ ਦੀ ਰੋਟੇਸ਼ਨ ਨਾਲ ਖੇਤੀ ਨੂੰ ਬਣਾਇਆ ਮੁਨਾਫ਼ੇ ਦਾ ਧੰਦਾ
ਨਵਾਂਸ਼ਹਿਰ, 15 ਮਈ  : ਨਵੀਨਤਮ ਮਸ਼ੀਨਰੀ, ਲੋ-ਟਨਲ, ਮਲਚਿੰਗ ਤੇ ਗਰੀਨ ਹਾਊਸ ਤਕਨੀਕਾਂ ਨਾਲ 20 ਏਕੜਾਂ 'ਚ ਸਬਜ਼ੀਆਂ ਦੀ ਲਾਹੇਵੰਦੀ ਕਾਸ਼ਤ ਕਰ ਰਿਹਾ ਅਮਰਜੀਤ ਸਿੰਘ ਸਫ਼ਲ ਬਾਗ਼ਬਾਨੀ ਦੇ ਨਾਲ-ਨਾਲ ਅਗਾਂਹਵਧੂ ਕਿਰਸਾਨੀ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਸਹਾਇਕ ਡਾਇਰੈਕਟਰ ਬਾਗ਼ਬਾਨੀ ਰਾਜੇਸ਼ ਕੁਮਾਰ ਬੁਰਜ ਟਹਿਲ ਦਾਸ ਦੇ ਇਸ ਬਾਗ਼ਬਾਨ ਕਿਸਾਨ ਨੂੰ ਫ਼ਸਲੀ ਵਿਭਿੰਨਤਾ ਦਾ ਸਫ਼ਲ ਮਾਡਲ ਕਰਾਰ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਕਿਸਾਨ ਲੋ-ਟੰਨਲ ਤਕਨੀਕ ਨਾਲ ਕੌੜੀ ਮਿਰਚ, ਬੈਂਗਣ ਅਤੇ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਦੀ ਕਾਸ਼ਤ ਲਈ 500 ਏਕੜ ਤੋਂ ਵੱਧ ਰਕਬੇ ਦੀ ਸਬਜ਼ੀ ਦੀ ਪਨੀਰੀ ਤਿਆਰ ਕਰਕੇ ਇਲਾਕੇ ਦੇ ਬਾਕੀ ਕਿਸਾਨਾਂ ਨੂੰ ਵੀ ਸਪਲਾਈ ਕਰਦਾ ਹੈ। ਉਹ ਦੱਸਦੇ ਹਨ ਕਿ ਅਮਰਜੀਤ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮਿਰਚਾਂ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਲਈ ਸਿਫਾਰਿਸ਼ ਕੀਤੀਆਂ ਨਵੀਆਂ ਤਕਨੀਕਾਂ ਖੁਦ ਅਪਨਾਉਣ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ, ਜਿਸ ਨਾਲ ਕਿਸਾਨਾਂ ਦੀ ਪ੍ਰਤੀ ਯੂਨਿਟ ਆਮਦਨ ਵਿੱਚ ਵਾਧਾ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉੁਹ ਇਕੱਲਾ ਬਾਗ਼ਬਾਨ ਹੀ ਨਹੀਂ ਸਗੋਂ ਸਫ਼ਲ ਕਿਸਾਨ ਵੀ ਹੈ। ਉਸ ਵੱਲੋਂ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਗੰਨਾ, ਆਲੂ, ਕਣਕ ਤੇ ਝੋਨਾ ਵੀ ਰੋਟੇਸ਼ਨ 'ਚ ਬੀਜਿਆ ਜਾਂਦਾ ਹੈ ਤਾਂ ਜੋ ਧਰਤੀ ਦੀ ਸਿਹਤ ਦੇ ਨਾਲ-ਨਾਲ ਖੇਤੀ ਵੀ ਆਰਥਿਕ ਤੌਰ 'ਤੇ ਲਾਹੇਵੰਦੀ ਬਣੀ ਰਹੇ। ਅਮਰਜੀਤ ਦੱਸਦਾ ਹੈ ਕਿ ਗੰਨਾ 20 ਏਕੜ ਦੇ ਕਰੀਬ ਰਕਬੇ 'ਚ ਬੀਜਦਾ ਹੈ, ਆਲੂ 50 ਏਕੜਾਂ 'ਚ ਐਗਰੀਮੈਂਟ ਕਰਕੇ ਲਾਉਂਦਾ ਹੈ ਤਾਂ ਜੋ ਬਾਅਦ ਵਿੱਚ ਮੰਡੀਕਰਣ ਦੀ ਸਮੱਸਿਆ ਨਾ ਆਵੇ। ਉਹ ਆਪਣੇ ਫ਼ਸਲੀ ਚੱਕਰ ਦਾ ਵੇਰਵਾ ਦਿੰਦਿਆਂ ਦੱਸਦਾ ਹੈ ਕਿ ਆਲੂਆਂ ਤੋਂ ਬਾਅਦ ਮਿਰਚ, ਜਿਹੜੇ ਰਕਬੇ 'ਚ ਗੰਨਾ ਉੱਥੋਂ ਅਗੇਤੇ ਗੰਨੇ ਦੀ ਵਾਢੀ ਕਰਕੇ ਕਣਕ ਲਾ ਦਿੰਦਾ ਹੈ। ਹੁਣ ਮੱਕੀ 20 ਏਕੜ ਦੇ ਰਕਬੇ 'ਚ ਹੈ ਤੇ ਇਸ ਦੀ ਕਟਾਈ ਬਾਅਦ ਝੋਨਾ ਆ ਜਾਵੇਗਾ ਤੇ ਫ਼ਿਰ ਇਸੇ ਫ਼ਸਲੀ ਚੱਕਰ 'ਚ ਝੋਨੇ ਤੋਂ ਬਾਅਦ ਆਲੂ ਆ ਜਾਣਗੇ।
ਉਸਦਾ ਕਹਿਣਾ ਹੈ ਕਿ ਇੱਕ ਫ਼ਸਲ ਹੇਠੋਂ ਵਿਹਲਾ ਹੋਣ ਬਾਅਦ ਖੇਤ ਦੂਸਰੀ ਫ਼ਸਲ ਹੇਠ ਲੈ ਆਉੁਂਦਾ ਹੈ ਤਾਂ ਜੋ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲਿਆ ਜਾਵੇ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀ ਕਿਸਾਨਾਂ ਨੂੰ ਵੀ ਫ਼ਸਲੀ ਵਿਭਿੰਨਤਾ ਲਈ ਪ੍ਰੇਰਦਾ ਰਹਿੰਦਾ ਹੈ ਅਤੇ ਜੋ ਵੀ ਕੋਈ ਉਸ ਫ਼ਸਲੀ ਚੱਕਰ ਨੂੰ ਤੋੜਨ 'ਚ ਮੱਦਦ ਲੈਣਾ ਚਾਹੁੰਦਾ ਹੈ, ਉਸ ਨੂੰ ਜਾਣਕਾਰੀ ਦੇ ਕੇ, ਉਸ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ।
ਅਮਰਜੀਤ ਪਾਣੀ ਦੀ ਬੱਚਤ ਲਈ ਤੁਪਕਾ ਸਿੰਜਾਈ ਦੀ ਵਰਤੋਂ ਵੀ ਕਰਦਾ ਹੈ  ਅਤੇ ਹਰ ਉਸ ਨਵੀਨ ਤਕਨੀਕ ਦਾ ਹਾਣੀ ਬਣਦਾ ਹੈ,  ਜਿਸ ਨਾਲ ਖੇਤੀਬਾੜੀ 'ਚ ਲਾਭ ਹੁੰਦਾ ਹੈ।