ਨੌਕਰੀ ਪੇਸ਼ਾ, ਪੀ ਜੀ ਆਈ ਤੇ ਹੋਰ ਕੰਮਾਂ ਕਾਰਾਂ ਲਈ ਚੰਡੀਗੜ੍ਹ ਜਾਣ ਵਾਲਿਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਨਵਾਂਸ਼ਹਿਰ, 11 ਮਈ :ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵਾਂਸ਼ਹਿਰ ਤੋਂ ਸਵੇਰੇ 5:30 ਵਜੇ ਚੰਡੀਗੜ੍ਹ ਦੀ ਬੱਸ ਸੇਵਾ ਸ਼ੁਰੂ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਤੜਕਸਾਰ ਲੋਕਾਂ ਨੂੰ ਸਵੇਰੇ ਚੰਡੀਗੜ੍ਹ ਜਾਣ ਲਈ ਬੱਸ ਨਾ ਮਿਲਣ ਕਰਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜੀ ਐਮ ਪੰਜਾਬ ਰੋਡਵੇਜ਼, ਨਵਾਂਸ਼ਹਿਰ ਰਾਹੀਂ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੂੰ ਜ਼ਿਲ੍ਹੇ ਦੇ ਲੋਕਾਂ ਨੂੰ ਸਵੇਰੇ ਤੜਕਸਾਰ ਚੰਡੀਗੜ੍ਹ ਨੂੰ ਕੋਈ ਬੱਸ ਸੇਵਾ ਨਾ ਹੋਣ ਕਾਰਨ ਹੁੰਦੀ ਪ੍ਰੇਸ਼ਾਨੀ ਬਾਰੇ ਸੂਚਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਫਤਰਾਂ ਦੇ ਸਮੇਂ ਚ ਕੀਤੀ ਤਬਦੀਲੀ, ਜ਼ਿਲ੍ਹੇ ਦੇ ਲੋਕਾਂ ਨੂੰ ਪੀ ਜੀ ਆਈ ਜਾਣ, ਵਿਦਿਆਰਥੀਆਂ ਨੂੰ ਚੰਡੀਗੜ੍ਹ ਕੋਈ ਪੇਪਰ ਆਦਿ ਦੇਣ ਜਾਣ ਅਤੇ ਆਮ ਲੋਕਾਂ ਨੂੰ ਸਰਕਾਰੀ ਕੰਮਾਂ ਦੇ ਸਬੰਧ ਵਿੱਚ ਚੰਡੀਗੜ੍ਹ ਜਾਣ ਵਿੱਚ ਆਉਂਦੀ ਮੁਸ਼ਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਾਂਸ਼ਹਿਰ ਤੋਂ ਚੰਡੀਗੜ੍ਹ ਬੱਸ ਸੇਵਾ ਬਹੁਤ ਜ਼ਰੂਰੀ ਸੀ।
ਪੰਜਾਬ ਰੋਡਵੇਜ਼ ਨਵਾਂਸ਼ਹਿਰ ਦੇ ਜੀ ਐਮ ਜਸਬੀਰ ਸਿੰਘ ਕੋਟਲਾ ਨੇ ਦੱਸਿਆ ਕਿ ਇਹ ਬੱਸ ਨਵਾਂਸ਼ਹਿਰ ਤੋਂ ਹਰ ਰੋਜ਼ ਸਵੇਰੇ ਤੜਕੇ 5.30 ਵਜੇ ਚੰਡੀਗੜ੍ਹ ਲਈ ਰਵਾਨਾ ਹੋਏਗੀ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਖਿਆ। ਉਨ੍ਹਾਂ ਦੱਸਿਆ ਕਿ ਇਹ ਬੱਸ ਸੇਵਾ ਸ਼ੁਰੂ ਹੋਣ ਨਾਲ ਲੋਕਾਂ ਨੂੰ ਤਾਂ ਲਾਭ ਹੋਇਆ ਹੀ ਹੈ, ਨਵਾਂਸ਼ਹਿਰ ਡੀਪੂ ਨੂੰ ਵੀ ਇਸ ਨੂੰ ਹੁੰਗਾਰਾ ਮਿਲਣ ਨਾਲ ਮਾਲੀਆ ਮਿਲਣਾ ਸ਼ੁਰੂ ਹੋਵੇਗਾ। ਉਨ੍ਹਾਂ ਸਮਾਂ ਸਾਰਣੀ ਦਿੰਦਿਆਂ ਦੱਸਿਆ ਕਿ ਇਹ ਬੱਸ ਸਵੇਰੇ 5:30 ਵਜੇ ਨਵਾਂਸ਼ਹਿਰ ਅੱਡੇ ਤੋਂ ਚੱਲ ਕੇ 7:20 ਵਜੇ ਚੰਡੀਗੜ੍ਹ ਪੁੱਜਦੀ ਹੈ ਅਤੇ ਫ਼ਿਰ ਉਥੋਂ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ਤੋਂ ਸਵੇਰੇ 7:55 ਵਜੇ ਜਲੰਧਰ ਲਈ ਚੱਲ ਕੇ, 11: 15 ਵਜੇ ਜਲੰਧਰ ਪੁੱਜਦੀ ਹੈ।