ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦੀ ਅੱਖਰਕਾਰੀ ਮੁਹਿੰਮ 11 ਤੋਂ

ਸਿੱਖਿਆ ਵਿਭਾਗ ਵੱਲੋਂ 'ਅੱਖਰਕਾਰੀ ਮੁਹਿੰਮ' ਤਹਿਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ 11 ਤੋਂ 18 ਜਨਵਰੀ ਤੱਕ
ਪਟਿਆਲਾ 2 ਜਨਵਰੀ : (ਐਨ ਟੀ) ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਵਿਦਿਆਰਥੀਆਂ ਦੇ ਨਾਲ ਅਧਿਆਪਨ ਕਾਰਜਾਂ ਦੇ ਵਿਕਾਸ ਨੂੰ ਮੁੱਖ ਰੱਖਦਿਆਂ 'ਅੱਖਰਕਾਰੀ ਮੁਹਿੰਮ' ਦਾ ਦੂਸਰਾ ਪੜਾਅ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਸਬੰਧੀ 11 ਜਨਵਰੀ ਤੋਂ ਆਰੰਭ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ 11 ਤੋਂ 18 ਜਨਵਰੀ ਤੱਕ ਲਗਾਈ ਜਾ ਰਹੀ ਹੈ। ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੇ ਸੁਝਾਵਾਂ ਅਨੁਸਾਰ ਸਿੱਖਿਆ ਵਿਭਾਗ ਦੁਆਰਾ ਨਵੰਬਰ-ਦਸੰਬਰ ਮਹੀਨੇ ਵਿੱਚ ਸਾਰੇ ਪ੍ਰਾਇਮਰੀ ਅਧਿਆਪਕਾਂ ਦੀ ਸੁੰਦਰ ਲਿਖਾਈ (ਪੰਜਾਬੀ ਭਾਸ਼ਾ) ਵਰਕਸ਼ਾਪ ਲਗਾਕੇ ਉਨ੍ਹਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ, ਤਕਨੀਕ ਅਤੇ ਬਣਤਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਵਰਕਸ਼ਾਪ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਸੰਬੰਧੀ ਬਹੁਤ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਅਧਿਆਪਕਾਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਹੁਣ ਇਸੇ ਪੈਟਰਨ ਤੇ 11 ਜਨਵਰੀ 2021 ਤੋਂ 18 ਜਨਵਰੀ 2021 ਤੱਕ 'ਅੱਖਰਕਾਰੀ ਮੁਹਿੰਮ' ਤਹਿਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੀ.ਈ.ਓ. (ਐਲੀ.) ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਵਰਕਸ਼ਾਪ ਵਿੱਚ ਅੰਗਰੇਜ਼ੀ ਭਾਸ਼ਾ ਦੇ ਸਾਰੇ ਅੱਖਰਾਂ (ਵੱਡੇ ਅਤੇ ਛੋਟੇ) ਦੀ ਪ੍ਰਿੰਟ ਰਾਈਟਿੰਗ, ਕਰਸਿਵ ਰਾਈਟਿੰਗ ਅਤੇ ਭਾਸ਼ਾਈ ਬਣਤਰ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 11 ਜਨਵਰੀ ਤੋਂ 18 ਜਨਵਰੀ ਤੱਕ ਇਸ ਵਰਕਸ਼ਾਪ ਦਾ ਸਮਾਂ ਰੋਜ਼ਾਨਾ ਸਵੇਰੇ 11.00 ਵਜੇ ਹੋਵੇਗਾ। ਜੇਕਰ ਅਧਿਆਪਕਾਂ ਦੀ ਗਿਣਤੀ ਪੰਜ ਗਰੁੱਪਾਂ ਤੋਂ ਵਧਦੀ ਹੈ ਤਾਂ ਬਾਅਦ ਦੁਪਹਿਰ 1.00 ਵਜੇ ਇਹਨਾਂ ਦੀ ਸੁੰਦਰ ਲਿਖਾਈ ਲਈ ਵਰਕਸ਼ਾਪ ਲਗਾਈ ਜਾਵੇਗੀ। ਡੀ.ਈ.ਓ. (ਐਲ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੈ। ਸਮੂਹ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਵਰਕਸ਼ਾਪ ਲਗਾਉਣਗੇ। ਮੁੱਖ ਦਫਤਰ ਤੋਂ ਵਰਕਸ਼ਾਪ ਲਗਾਉਣ ਉਪਰੰਤ ਬਲਾਕ ਰਿਸੋਰਸ ਪਰਸਨ, ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਨਮੂਨਿਆਂ ਦਾ ਅਭਿਆਸ ਕਰਵਾਉਣਗੇ। ਜ਼ਿਲ੍ਹਾ/ਬਲਾਕ ਪੱਧਰੀ ਰਿਸੋਰਸ ਗਰੁੱਪ ਦੀ ਸਟੇਟ ਤੋਂ ਸੁੰਦਰ ਲਿਖਾਈ ਸੰਬੰਧੀ ਸਿਖਲਾਈ ਵਰਕਸ਼ਾਪ 2 ਤੋਂ 9 ਜਨਵਰੀ ਤੱਕ ਲਗਾਈ ਜਾਵੇਗੀ। ਰਿਸੋਰਸ ਗਰੁੱਪ ਨੂੰ ਦਿੱਤੇ ਸ਼ਡਿਊਲ ਅਨੁਸਾਰ ਵੈਬੀਨਾਰ ਰਾਹੀਂ ਹਰ ਰੋਜ਼ ਦੋ ਬੈਚ ਬਣਾ ਕੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ਇਸ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀ ਟੀਮ ਮੈਂਬਰ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਸੁੰਦਰ ਲਿਖਾਈ ਰਿਸੋਰਸ ਪਰਸਨ ਕੋਲੋਂ ਸਿਖਲਾਈ ਪ੍ਰਾਪਤ ਕਰਨਗੇ। ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਭਾਗੀਦਾਰੀ ਕਰਨ ਲਈ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।