ਸਫਾਈ ਮਜ਼ਦੂਰ ਯੂਨੀਅਨ ਵਲੋ ਮਨਾਇਆ ਗਿਆ ਲੋਹੜੀ ਦਾ ਤਿਓਹਾਰ

ਕੇਂਦਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ-ਸੋਨੀ

ਅੰਮਿ੍ਰਤਸਰ 11 ਜਨਵਰੀ: (ਐਨ ਟੀ ਟੀਮ) ਕੇਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਕਿਸਾਨ ਵੀਰ ਜੋ ਕਿ ਪਿਛਲੇ 50 ਦਿਨਾਂ ਤੋ ਵੱਧ ਹੱਢ ਚੀਰਵੀ ਠੰਡ ਵਿਚ ਬੈਠੇ ਹੋਏ ਹਨ,ਵਾਪਸ ਆਪਣੇ ਘਰਾਂ ਨੂੰ ਪਰਤ ਸਕਣਗੇ ਅਤੇ ਆਪਣੇ ਪਰਿਵਾਰ ਦੇ ਨਾਲ ਲੋਹੜੀ ਦਾ ਤਿਓਹਾਰ ਮਨਾ ਸਕਣ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੋ ਖੋਜ ਮੰਤਰੀ ਪੰਜਾਬ ਨੇ ਹਰ ਸਾਲ ਦੀ ਤਰਾਂ ਸਫਾਈ ਮਜ਼ਦੂਰ ਯੂਨੀਅਨ ਵਲੋ ਮਨਾਏ ਗਏ ਲੋਹੜੀ ਦੇ ਤਿਓਹਾਰ ਵਿਚ ਸ਼ਾਮਲ ਹੋ ਕੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੋਰਾਨ ਸਾਡੇ ਸਫਾਈ ਸੇਵਕਾਂ ਵਲੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਗਿਆ। ਉਨਾਂ ਕਿਹਾ ਕਿ ਇਹ ਅਸਲੀ ਸਾਡੇ ਕਰੋਨਾ ਦੇ ਯੋਧੇ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਸਾਰੇ ਤਿਓਹਾਰ ਸਾਡੇ ਗੁਰੂਆਂ ਪੀਰਾਂ ਦੀ ਦੇਣ ਹਨ ਅਤੇ ਸਾਨੂੰ ਸਭ ਨੂੰ ਆਪਸ ਵਿਚ ਮਿਲ ਕੇ ਭਾਈਚਾਰਕ ਸਾਂਝ, ਸਦਭਾਵਨਾ ਨਾਲ ਇੰਨਾਂ ਤਿਓਹਾਰਾਂ ਨੂੰ ਮਨਾਉਣਾ ਚਾਹੀਦਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਕੰਮ ਦਾ ਅਸਲੀ ਸਿਹਰਾ ਸਾਡੇ ਸਫਾਈ ਸੇਵਕਾਂ ਨੂੰ ਜਾਂਦਾ ਹੈ ਅਤੇ ਸਾਰੇ ਵਿਕਾਸ ਕਾਰਜਾਂ ਦਾ ਕੰਮ ਇੰਨਾਂ ਤੋ ਹੀ ਸ਼ੁਰੂ ਹੁੰਦਾ ਹੈ। ਇਸ ਮੌਕੇ ਸ਼੍ਰੀ ਸੋਨੀ ਨੇ ਸਫਾਈ ਮਜ਼ਦੂਰ ਯੂਨੀਅਨ ਦਾ ਕੈਲੰਡਰ ਵੀ ਰੀਲੀਜ਼ ਕੀਤਾ ਅਤੇ ਸਫਾਈ ਮਜ਼ਦੂਰ ਯੂਨੀਅਨ ਵਲੋ ਸ਼੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ। ਸ਼੍ਰੀ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਕਿਹਾ ਕਿ ਇਹ ਤਿਓਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ ਨੇ ਕਿਹਾ ਕਿ ਸਫਾਈ ਸੇਵਕਾਂ ਦੀ ਬਦੌਲਤ ਹੀ ਸਾਡਾ ਸ਼ਹਿਰ ਸਾਫ ਸੁਥਰਾ ਹੈ ਅਤੇ ਇੱਨਾਂ ਵਲੋ ਕਰੋਨਾ ਮਹਾਮਾਰੀ ਦੋਰਾਨ ਆਪਣੀਆਂ ਵਧੀਆ ਸੇਵਾਵਾ ਸ਼ਹਿਰ ਵਾਸੀਆਂ ਨੂੰ ਦਿੱਤੀਆਂ  ਹਨ। ਸ਼੍ਰੀ ਦੱਤੀ ਨੇ ਕਿਹਾ ਕਿ ਬੜੀ ਨਾਮੋਸ਼ੀ ਵਾਲੀ ਗੱਲ ਹੈ ਕਿ ਕੇਦਰ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨਾਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਇਨਾਂ ਤੋ ਬਿਨਾਂ ਕੋਈ ਵਪਾਰ ਆਦਿ  ਨਹੀ ਚੱਲ ਸਕਦਾ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ, ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲ, ਕੋਸਲਰਜ ਸ਼੍ਰੀ ਵਿਕਾਸ ਸੋਨੀ, ਸ਼੍ਰੀ ਤਾਹਿਰ ਸ਼ਾਹ, ਸ਼੍ਰੀਮਤੀ ਰਾਜਬੀਰ ਕੌਰ, ਸ਼੍ਰੀ ਪਰਮਜੀਤ ਸਿੰਘ ਚੋਪੜਾ, ਸ੍ਰੀ ਓਮ ਪ੍ਰਕਾਸ਼ ਗੱਬਰ, ਸ੍ਰੀ ਵਿਨੋਦ ਕੁਮਾਰ ਬਿੱਟਾ ਪ੍ਰਧਾਨ ਸਫਾਈ ਮਜਦੂਰ ਯੂਨੀਅਨ, ਸ੍ਰੀ ਆਸ਼ੂ ਨਾਹਰ ਪ੍ਰਧਾਨ ਮਿਊਂਸਪਲ ਯੂਥ ਇੰਪਲਾਈਜ ਫੈਡਰੇਸ਼ਨ, ਸ੍ਰੀ ਬਲਵਿੰਦਰ ਬਿੱਲੂ, ਸ੍ਰੀ ਸੁਰਿੰਦਰ ਹੈਪੀ, ਸ੍ਰੀ ਸਿਕੰਦਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਫਾਈ ਮਜਦੂਰ ਯੂਨੀਅਨ ਦੇ  ਮੈਂਬਰ ਤੇ ਪਰਿਵਾਰ ਹਾਜਰ ਸਨ।