ਕਾਹਮਾ (ਨਵਾਂਸ਼ਹਿਰ), 25 ਜਨਵਰੀ : ਅੱਜ ਜ਼ਿਲੇ ਵਿਚ ਕੌਮੀ ਬਾਲੜੀ ਦਿਵਸ ਅਤੇ ਰਾਜ ਪੱਧਰੀ ਸਵੈ-ਰੋਜ਼ਗਾਰ ਲੋਨ ਮੇਲਾ ਮਨਾਇਆ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਵਿਚ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਿਥੇ ਨਵ-ਜੰਮੀਆਂ ਬੇਟੀਆਂ ਅਤੇ ਉਨਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ, ਉਥੇ ਨਵੇਂ ਡਿਪੂ ਹੋਲਡਰਾਂ, ਰੋਜ਼ਗਾਰ ਤੇ ਸਵੈ-ਰੋਜ਼ਗਾਰ ਹਾਸਲ ਕਰਨ ਵਾਲੇ ਨੌਜਵਾਨਾਂ ਤੇ ਬੱਚੀਆਂ, ਸਵੈ-ਰੋਜ਼ਗਾਰ ਲਈ ਲੋਨ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜੇ ਹੋਣ ਵਾਲਿਆਂ ਅਤੇ ਨਸ਼ਾ ਮੁਕਤ ਹੋ ਚੁੱਕੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਨਾਲ ਆਨਲਾਈਨ ਜੁੜਦਿਆਂ ਡਿਪਟੀ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੰਤਰੀ ਸਾਹਿਬਾਨ ਦੇ ਵਿਚਾਰ ਸੁਣੇ। ਇਸ ਉਪਰੰਤ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਦਿਆਂ ਉਨਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਵਿਚ ਔਰਤਾਂ ਤੇ ਬੱਚੀਆਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਅਹਿਮ ਕਦਮ ਚੁੱਕਦਿਆਂ ਬੱਚੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਦੇ ਪਹਿਲੇ ਬੈਚ ਦੀ ਸ਼ੁਰੂਆਤ ਅਗਲੇ ਹਫ਼ਤੇ ਕੀਤੀ ਜਾ ਰਹੀ ਹੈ। ਇਸੇ ਤਰਾਂ ਸਵੈ-ਰੱਖਿਆ ਲਈ ਬੱਚੀਆਂ ਦੀਆਂ ਮਾਰਸ਼ਲ ਆਰਟ ਕਲਾਸਾਂ ਵੀ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸੇ ਤਰਾਂ ਜ਼ਿਲੇ ਦੇ ਸਵੈ-ਸਹਾਈ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਉਨਾਂ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ 'ਆਜੀਵਿਕਾ ਹਾਟ' ਨਾਂਅ ਦਾ ਇਕ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਕਾਰੋਬਾਰ ਬਿਊਰੋ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਹੁਣ ਤੱਕ 13 ਹਜ਼ਾਰ ਦੇ ਕਰੀਬ ਪਲੇਸਮੈਂਟ ਕੀਤੀ ਗਈ ਹੈ। ਇਸੇ ਤਰਾਂ ਸਵੈ-ਰੋਜ਼ਗਾਰ ਲਈ 20 ਹਜ਼ਾਰ ਤੋਂ ਵੱਧ ਦੇ ਲੋਨ ਸੈਂਕਸ਼ਨ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹੁਣ ਤੱਕ 65 ਪਲੇਸਮੈਂਟ ਕੈਂਪ ਅਤੇ ਮੇਲੇ ਲਗਾਏ ਗਏ ਹਨ। ਇਸੇ ਤਰਾਂ ਸਵੈ-ਰੋਜ਼ਗਾਰ ਦੇ 1460 ਕੈਂਪ ਲਗਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਲੋਕਾਂ ਨੂੰ ਘਰਾਂ ਦੀਆਂ ਦਰਾਂ 'ਤੇ ਰਾਸ਼ਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲੇ ਵਿਚ 36 ਡਿਪੂ ਹੋਲਡਰਾਂ ਨੂੰ ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ 200 ਦੇ ਕਰੀਬ ਜਾਰੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਦਸੰਬਰ 2020 ਵਿਚ ਲਗਾਏ ਗਏ ਲੋਨ ਮੇਲਿਆਂ ਵਿਚ 800 ਲੋਨ ਸੈਂਕਸ਼ਨ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਡੀ. ਐਫ. ਐਸ. ਸੀ ਡਾ. ਨਿਰਮਲ ਸਿੰਘ, ਡੀ. ਸੀ. ਪੀ. ਓ ਕੰਚਨ ਅਰੋੜਾ, ਪਿ੍ਰੰਸੀਪਲ ਪਵਨ ਇੰਦਰਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਜ਼ਿਲਾ ਪੱਧਰੀ ਕੌਮੀ ਬਾਲੜੀ ਦਿਵਸ ਅਤੇ ਰਾਜ ਪੱਧਰੀ ਸਵੈ-ਰੋਜ਼ਗਾਰ ਮੇਲੇ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਤੇ ਹੋਰ।