31 ਜਨਵਰੀ ਤੋਂ 53,014 ਬੱਚਿਆਂ ਨੂੰ ਪਿਲ਼ਾਈਆਂ ਜਾਣਗੀਆਂ ‘ਜ਼ਿੰਦਗੀ ਦੀਆਂ ਦੋ ਬੂੰਦਾਂ’: ਡਾ. ਗੁਰਦੀਪ ਸਿੰਘ ਕਪੂਰ

 
ਜ਼ਿਲੇ ਅੰਦਰ ਪੋਲੀਓ ਰੋਕੂ ਬੂੰਦਾਂ ਪਿਲ਼ਾਉਣ ਲਈ 206 ਬੂਥ ਲਗਾਏ ਜਾਣਗੇ :  ਡਾ. ਦਵਿੰਦਰ ਢਾਂਡਾ

ਨਵਾਂਸ਼ਹਿਰ, 29 ਜਨਵਰੀ:(ਬਿਊਰੋ) ਸ਼ਹੀਦ ਭਗਤ ਸਿੰਘ ਨਗਰ ਵਿਚ 0 ਤੋਂ 5 ਸਾਲ ਤੱਕ ਦੇ 53,014 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ 31 ਜਨਵਰੀ ਤੋਂ 2 ਫਰਵਰੀ 2021 ਤੱਕ ਪਿਆਈਆਂ ਜਾਣਗੀਆਂ। ਇਹ ਜਾਣਕਾਰੀ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦਿੱਤੀ। ਪਲਸ ਪੋਲਿਓ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਕਪੂਰ ਨੇ ਕਿਹਾ ਕਿ 31 ਜਨਵਰੀ ਤੋ 2 ਫਰਵਰੀ 2021 ਤੱਕ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ 53,014 ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਭਾਵੇਂ ਪਿਛਲੇ ਅੱਠ ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਰੋਕੂ ਬੂੰਦਾਂ ਨਹੀਂ ਪੀਤੀਆਂ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਜ਼ੀਰੋ ਤੋਂ ਪੰਜ ਸਾਲ ਦੇ ਸਾਰੇ ਬੱਚਿਆ ਨੂੰ ਪੋਲਿਓ ਬੂਥਾਂ 'ਤੇ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਮੁਹਿੰਮ ਦੌਰਾਨ ਜਿਲ੍ਹੇ ਦੇ 53,014 ਬੱਚਿਆਂ ਨੂੰ ਪੋਲਿਓ ਰੋਕੂ ਵੈਕਸੀਨ ਪਿਲਾਈ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਪਲਸ ਪੋਲਿਓ ਵੈਕਸੀਨ ਲਈ 206 ਬੂਥ ਲਗਾਏ ਜਾਣਗੇ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 412 ਟੀਮਾਂ ਬਣਾਈਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪੋਲੀਓ ਬੂੰਦਾਂ ਪਿਲ਼ਾਉਣ ਲਈ 824 ਵੈਕਸੀਨੇਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ 41 ਸੁਪਰਵਾਈਜਰ ਕਰਨਗੇ। ਇਨ੍ਹਾਂ ਤੋਂ ਇਲਾਵਾ ਉੱਚ ਜ਼ੋਖਮ ਵਾਲੇ ਇਲਾਕਿਆਂ ਵਿਚ 7 ਮੋਬਾਇਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸ਼ਹਿਰ ਵਿਚ 16 ਟਰਾਂਜਿਟ ਟੀਮਾਂ ਵੀ ਨਿਯੁਕਤ ਕੀਤੀਆਂ ਜਾ ਰਹੀਆਂ ਹਨ।ੳ ਡਾ. ਢਾਂਡਾ ਨੇ ਕਿਹਾ ਕਿ ਪੋਲੀਓ ਦੀਆਂ ਬੂੰਦਾਂ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿਚ ਰੱਖ ਕੇ ਪਿਲਾਈਆਂ ਜਾਣਗੀਆਂ।ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿਆ ਜਾਵੇਗਾ ਤਾਂ ਜੋ ਪੋਲੀਓ ਦੇ ਨਾਲ-ਨਾਲ ਕਰੋਨਾ ਮਹਾਂਮਾਰੀ ਤੇ ਵੀ ਕਾਬੂ ਪਾਇਆ ਜਾ ਸਕੇ।