ਜੱਦ ਤੱਕ ਕੇਂਦਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਸਾਡੀ ਲੜਾਈ ਰਹੇਗੀ ਜਾਰੀ - ਰਾਣਾ ਗੁਰਮੀਤ ਸਿੰਘ ਸੋਢੀ

 ਗਣਤੰਤਰ ਦਿਵਸ ਮੌਕੇ ਸ਼ਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਦਿੱਤੀ ਸ਼ਰਧਾਂਜਲੀ

ਅੰਮਿ੍ਰਤਸਰ 26 ਜਨਵਰੀ: (ਬਿਉਰੋ) ਜਦ ਤੱਕ ਕੇਂਦਰ ਸਰਕਾਰ ਆਪਣੇ ਬਣਾਏ ਹੋਏ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤੱਦ ਤੱਕ ਸਾਡੀ ਸਰਕਾਰ ਇਨਾਂ ਕਾਨੂੰਨਾਂ ਦੇ ਖਿਲਾਫ਼ ਆਪਣਾ ਸ਼ੰਘਰਸ਼ ਜਾਰੀ ਰਖੇਗੀ ਅਤੇ ਸਾਡੀ ਪਾਰਟੀ ਕਿਸਾਨੀ ਅੰਦੋਲਨ ਦਾ ਪੂਰਾ ਸਮਰਥਨ ਕਰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਰਾਣਾ ਗੁਰਮੀਤ ਸਿੰਘ ਸੋਢੀ ਖੇਡ ਅਤੇ ਯੂਥ ਸੇਵਾਵਾਂ ਮੰਤਰੀ ਪੰਜਾਬ ਨੇ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਕੀਤਾ। ਸ: ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਖਣਾ ਪਵੇਗਾ ਕਿ ਕਿਸਾਨਾਂ ਨੇ ਜਿੱਥੇ ਦੇਸ਼ ਦੇ ਅੰਨ-ਭੰਡਾਰ ਭਰੇ ਹਨ ਉਥੇ ਜੰਗਾਂ ਵਿੱਚ ਵੀ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨਾਂ ਕਿਹਾ ਕਿ ਕਿਸੇ ਸਮੇਂ ਦੇਸ਼ ਨੂੰ ਅੰਨ ਲਈ ਬਾਹਰ ਦੇ ਮੁਲਕਾਂ ਅੱਗੇ ਹੱਥ ਫੈਲਾਣਾ ਪੈਂਦਾ ਸੀ, ਪਰ ਸਾਡੇ ਕਿਸਾਨਾਂ ਨੇ ਜੋ ਕਿ ਗਿਣਤੀ ਵਿਚ ਸਿਰਫ 2 ਫੀਸਦੀ ਹੀ ਹਨ ਨੇ ਹਰੀ ਕ੍ਰਾਂਤੀ ਲਿਆ ਕੇ ਦੇਸ਼ ਵਾਸੀਆਂ ਦਾ ਪੇਟ ਭਰਿਆ ਹੈ।  ਸ: ਸੋਢੀ ਨੇ ਕਿਹਾ ਕਿ ਜਿਥੇ ਸਾਡੇ ਕਿਸਾਨ ਵੀਰ ਹਰੀ ਕ੍ਰਾਂਤੀ ਲੈ ਕੇ ਆਏ ਉਥੇ ਉਨਾਂ ਨੇ ਚਿੱਟੀ ਕ੍ਰਾਂਤੀ ਲਿਆਂਦੀ ਅਤੇ ਦੁੱਧ ਦੀਆਂ ਨਹਿਰਾਂ ਵਗਾ ਦਿੱਤੀਆਂ। ਉਨਾਂ ਨੇ ਦੁੱਖੀ ਲਹਿਜੇ ਨਾਲ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਦੇ ਦਿਨ ਸਾਨੂੰ ਇਸ ਤਰਾਂ ਦੀਆਂ ਗੱਲਾਂ ਕਰਨੀਆਂ ਪੈ ਰਹੀਆਂ ਹਨ ਅਤੇ ਕਿਸਾਨਾਂ ਨੂੰ ਦੇਸ਼ ਦੇ ਗਣਰਾਜ ਨੂੰ ਕਾਇਮ ਰੱਖਣ ਲਈ ਧਰਨੇ ਲਗਾਉਣੇ ਪੈ ਰਹੇ ਹਨ। ਉਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਹੱਡ-ਚੀਰਵੀਂ ਠੰਢ ਵਿੱਚ ਸਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਅਤੇ ਇਸ ਅੰਦੋਲਨ ਦੌਰਾਨ 150 ਤੋਂ ਵੱਧ ਕਿਸਾਨਾਂ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ, ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਿਰਕੀ। ਰਾਣਾ ਸੋਢੀ ਨੇ ਕੇਂਦਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਸਰਕਾਰ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਲਵੇ। ਉਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਿੰਨੇ ਵੀ ਕਿਸਾਨ ਸ਼ਹੀਦ ਹੋਏ ਹਨ ਸਾਡੀ ਸਰਕਾਰ ਆਰਥਿਕ ਮੱਦਦ ਵਜੋਂ ਉਨਾਂ ਨੂੰ 5-5 ਲੱਖ ਰੁਪਏ ਦੇ ਰਹੀ ਹੈ ਅਤੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨਾਂ ਇਸ ਮੌਕੇ ਆਜ਼ਾਦੀ ਘੁਲਾਟੀਆਂ, ਅਤੇ ਸਰਹੱਦਾਂ ਦੀ ਰਾਖੀ ਕਰਦੇ ਜਵਾਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਕਾਇਮੀ ਲਈ ਜਵਾਨਾਂ ਦੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।  ਉਨਾਂ ਕਿਹਾ ਕਿ 26 ਜਨਵਰੀ 1950 ਨੂੰ ਅੱਜ ਦੇ ਦਿਨ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਵੱਡੀ ਜਮਹੂਰੀਅਤ ਬਣਨ ਦਾ ਮਾਣ ਪ੍ਰਾਪਤ ਹੋਇਆ।
ਸ: ਸੋਢੀ ਨੇ ਐਲਾਨ ਕੀਤਾ ਕਿ 7.5 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਇਹ ਟਰੈਕ ਅੰਤਰਰਾਸ਼ਟਰੀ ਪੱਧਰ ਦਾ ਹੋਵੇਗਾ। ਸ: ਸੋਢੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਓਲੰਪਿਕ ਖੇਡਾਂ ਦੌਰਾਨ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 25 ਕਰੋੜ ਰੁਪਏ ਦੇ ਨਾਲ -ਨਾਲ ਉੱਚ ਸਰਕਾਰੀ ਨੌਕਰੀ ਅਤੇ ਰਾਸ਼ਟਰੀ ਖੇਡਾਂ ਦੌਰਾਨ ਗੋਲਡ ਮੈਡਲ ਜਿੱਤਣ ਵਾਲੇ ਨੂੰ 1 ਕਰੋੜ, ਸਿਲਵਰ ਮੈਡਲ ਵਾਲੇ ਨੂੰ 75 ਲੱਖ ਰੁਪਏ ਅਤੇ ਬਰਾਂਜ ਮੈਡਲ ਵਾਲੇ ਨੂੰ 50 ਲੱਖ ਰੁਪਏ ਦੇ ਨਾਲ-ਨਾਲ ਉੱਚ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਰਾਜ ਵਿੱਚ ਹਾਕੀ ਦੇ ਚਾਰ ਐਸਟਰੋਟਰੱਫ ਵੀ ਬਣਾਏ ਜਾ ਰਹੇ ਹਨ। ਉਨਾਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸ਼ਵ ਨੂੰ ਸਮਰਪਿਤ ਸ੍ਰੀ ਬਾਬਾ ਬਕਾਲਾ ਸਾਹਿਬ ਅਤੇ ਮਰੜ ਵਿਖੇ ਐਸਟਰੋਟਰੱਫ ਮੈਦਾਨ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਖੈਰਾਬਾਦ ਵਿੱਖੇ ਮਲਟੀ ਸਪੋਰਟਸ ਸਟੇਡੀਅਮ ਦੀ ਉਸਾਰੀ ਕਰਵਾਈ ਜਾਵੇਗੀ।  ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਟਿਆਲਾ ਵਿਖੇ ਸਪੋਰਟਸ ਸਾਇੰਸ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਸ ਤੇ 500 ਕਰੋੜ ਰੁਪਏ ਦੀ ਲਾਗਤ ਆਵੇਗੀ।  ਇਸ ਮੌਕੇ ਖੇਡ ਮੰਤਰੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਅਤੇ  ਜ਼ਿਲਾ ਪ੍ਰੋਗਰਾਮ ਅਫ਼ਸਰ ਨੂੰ ਬਿਹਤਰ ਝਾਕੀ ਲਈ ਸਨਮਾਨਤ ਕੀਤਾ।  ਮੁੱਖ ਮਹਿਮਾਨ ਵਲੋਂ ਪਰੇਡ ਕਮਾਂਡਰ ਡਾ. ਮਨਪ੍ਰੀਤ ਸੀਂਹਮਾਰ ਨੂੰ ਵਧੀਆ ਪਰੇਡ ਲਈ ਮੋਮੈਂਟੋ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਮੁੱਖ ਮਹਿਮਾਨ ਸ: ਸੋਢੀ ਵਲੋਂ ਅੰਮਿ੍ਰਤਸਰ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ ਮੁੱਖ ਮਹਿਮਾਨ ਸ: ਰਾਣਾ ਗੁਰਮੀਤ ਸਿੰਘ ਸੋਢੀ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤਾ ਗਿਆ। ਇਸ ਮੌਕੇ ਮੇਅਰ ਸ: ਕਰਮਜੀਤ ਸਿੰਘ ਰਿੰਟੂ, ਜ਼ਿਲਾ ਸ਼ੈਸ਼ਨ ਜੱਜ ਸ੍ਰੀ ਐਸ.ਐਸ. ਧਾਲੀਵਾਲ, ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ: ਤਰਸੇਮ ਸਿੰਘ ਡੀਸੀ, ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਚੇਅਰਮੈਨ ਸ: ਪ੍ਰਗਟ ਸਿੰਘ ਧੁੰਨਾ, ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਐਸ.ਐਸ. ਪੀ. ਦਿਹਾਤੀ ਸ੍ਰੀ ਧਰੁਵ ਦਹੀਆ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ. ਸ੍ਰੀ ਵਿਕਾਸ ਹੀਰਾ, ਜ਼ਿਲਾ ਕਾਂਗਰਸ ਪ੍ਰਧਾਨ ਸ਼ਹਿਰੀ ਮੈਡਮ ਜਤਿੰਦਰ ਸੋਨੀਆ, ਸ੍ਰੀ ਪਿ੍ਰੰਸ ਖੁੱਲਰ, ਡਾ. ਆਂਚਲ ਅਰੋੜਾ, ਸ੍ਰੀ ਨਵਦੀਪ ਗੋਲਡੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ : ਰਾਣਾ ਗੁਰਮੀਤ ਸਿੰਘ ਸੋਢੀ ਖੇਡ ਅਤੇ ਯੂਥ ਸੇਵਾਵਾਂ ਮੰਤਰੀ ਪੰਜਾਬ ਨੇ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਝੰਡਾ ਵਿਖੇ ਪਰੇਡ ਤੋਂ ਸਲਾਮੀ ਲੈਂਦੇ ਹੋਏ।  ਨਾਲ ਹਨ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ