ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੂਸਾਪੁਰ ਰੋਡ ’ਤੇ ਕੂੜੇ ਦੇ ਡੰਪ ਦਾ ਵੇਖਿਆ ਮੌਕਾ

ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ 15 ਫਰਵਰੀ ਨੂੰ ਰਿਪੋਰਟ ਸਮੇਤ ਕਮਿਸ਼ਨ ਅੱਗੇ ਪੇਸ਼ ਹੋਣ ਦੇ ਆਦੇਸ਼

ਨਵਾਂਸ਼ਹਿਰ, 28 ਜਨਵਰੀ : (ਬਿਉਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਅੱਜ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਮੂਸਾਪੁਰ ਰੋਡ 'ਤੇ ਸਥਿਤ ਮੁਹੱਲਾ ਨਵੀਂ ਆਬਾਦੀ, ਸੰਤ ਨਗਰ ਵਿਖੇ ਕੂੜੇ ਦੇ ਡੰਪ ਦਾ ਮੌਕਾ ਵੇਖਿਆ ਅਤੇ ਉਥੋਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ। ਮੌਕੇ ਦਾ ਜਾਇਜ਼ਾ ਲੈਣ ਉਪਰੰਤ ਕਮਿਸ਼ਨ ਮੈਂਬਰਾਂ ਨੇ ਇਸ ਮੁੱਦੇ 'ਤੇ  ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਨਵਾਂਸ਼ਹਿਰ ਦੇ ਕਾਰਜਸਾਧਕ ਅਫ਼ਸਰ ਨੂੰ 15 ਫਰਵਰੀ 2021 ਨੂੰ ਕਮਿਸ਼ਨ ਅੱਗੇ ਖ਼ੁਦ ਪੇਸ਼ ਹੋ ਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ, ਕਿ ਕੂੜੇ ਦੇ ਡੰਪ ਸਬੰਧੀ ਨਗਰ ਕੌਂਸਲ ਵੱਲੋਂ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਵਾਉਣ ਲਈ ਅੱਜ ਤੋਂ ਬਾਅਦ ਉਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਕਮਿਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸਬੰਧਤ ਇਲਾਕੇ ਦੇ ਵਾਸੀ ਮੱਖਣ ਸਿੰਘ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਕੂੜੇ ਦੇ ਡੰਪ ਕਾਰਨ ਇਲਾਕਾ ਵਾਸੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਸਬੰਧੀ ਕੀਤੀ ਗਈ ਸ਼ਿਕਾਇਤ ਅਤੇ ਮੀਡੀਆ ਵਿਚ ਇਸ ਸਬੰਧੀ ਛਪੀ ਖ਼ਬਰ ਦਾ ਨੋਟਿਸ ਲੈਂਦਿਆਂ ਮੌਕੇ ਦਾ ਜਾਇਜ਼ਾ ਲੈਣ ਆਏ ਸਨ। ਉਨਾਂ ਦੱਸਿਆ ਕਿ ਮੱਖਣ ਸਿੰਘ ਵੱਲੋਂ ਇਸ ਮੁੱਦੇ 'ਤੇ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵੱਲੋਂ ਕਮਿਸ਼ਨ ਨੂੰ ਪਹਿਲਾਂ ਭੇਜੀ ਗਈ ਰਿਪੋਰਟ 'ਤੇ ਕਮਿਸ਼ਨ ਕੋਲ ਆਪਣਾ ਪ੍ਰਤੀਕਰਮ ਪੇਸ਼ ਕੀਤਾ ਗਿਆ ਸੀ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਨੂੰ ਅਬਾਦੀ ਤੋਂ ਬਾਹਰ ਲਿਜਾਣ ਲਈ ਉਪਰਾਲੇ ਕਰਨ ਸਬੰਧੀ 10 ਜੁਲਾਈ 2019 ਨੂੰ ਮਤਾ ਪਾਸ ਕਰਨ ਦੇ ਬਾਵਜੂਦ ਹੁਣ ਤੱਕ ਉਸ ਨੂੰ ਲਾਗੂ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਸਬੰਧਤ ਇਲਾਕਿਆਂ ਦੇ ਵਾਸੀ ਬਦਬੂ ਭਰੇ ਗੰਧਲੇ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਉਸ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਸੀ ਕਿ ਇਲਾਕਾ ਵਾਸੀਆਂ ਵੱਲੋਂ ਇਸ ਸਬੰਧੀ ਕਈ ਧਰਨੇ-ਪ੍ਰਦਰਸ਼ਨ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਗੰਦਗੀ ਦਾ ਡੰਪ ਹੁਣ ਪਹਾੜੀਆਂ ਬਣਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਲਾਕਾ ਵਾਸੀ ਇਸ ਗੰਦਗੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਉਨਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਇਸ ਇਲਾਕੇ ਵਿਚ ਜ਼ਿਆਦਾਤਰ ਅਨੁਸਚਿਤ ਜਾਤੀ ਦੇ ਲੋਕ ਰਹਿੰਦੇ ਹਨ ਅਤੇ ਇਸ ਇਲਾਕੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਕਮਿਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਮੌਕਾ ਦੇਖਣ ਅਤੇ ਪੜਤਾਲ ਕਰਨ ਉਪਰੰਤ ਉਨਾਂ ਵੱਲੋਂ ਇਹ ਸ਼ਿਕਾਇਤ ਜਾਇਜ਼ ਪਾਈ ਗਈ ਹੈ। ਉਨਾਂ ਕਿਹਾ ਇਸ ਵਿਚ ਨਗਰ ਕੌਂਸਲ ਦਫ਼ਤਰ ਦੀ ਅਣਗਹਿਲੀ ਨਜ਼ਰ ਆ ਰਹੀ ਹੈ, ਜਿਨਾਂ ਵੱਲੋਂ ਮਤੇ ਤੋਂ ਬਾਅਦ ਇੰਨਾ ਸਮਾਂ ਬੀਤ ਜਾਣ 'ਤੇ ਵੀ ਬਦਲਵੀਂ ਜਗਾ ਜਾਂ ਫੰਡ ਆਦਿ ਲੈਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਇਸੇ ਲਈ ਹੁਣ ਕਾਰਜ ਸਾਧਕ ਅਫ਼ਸਰ ਨੂੰ ਰਿਪੋਰਟ ਸਮੇਤ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਮਿਸ਼ਨ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤਹਿਸੀਲ ਭਲਾਈ ਅਫ਼ਸਰ ਨਵਾਂਸ਼ਹਿਰ ਸ਼ੁਭਮ ਪੰਕਜ, ਨਗਰ ਕੌਂਸਲ ਦਫ਼ਤਰ ਦੇ ਸੁਪਰਡੈਂਟ ਅਮਰਦੀਪ ਸੋਖੀ, ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।  
ਕੈਪਸ਼ਨ :-ਮੂਸਾਪੁਰ ਰੋਡ 'ਤੇ ਕੂੜੇ ਦੇ ਡੰਪ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭ ਦਿਆਲ