ਪੰਜਾਬ - ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਵਿਧਾਇਕਾਂ ਨੂੰ ਰੋਸ-ਪੱਤਰ ਸੌਂਪੇ ਜਾਣਗੇ 31 ਨੂੰ

12 ਫਰਵਰੀ ਨੂੰ ਮੋਹਾਲੀ ਵਿਖੇ ਹੋਵੇਗੀ ਰੋਸ ਰੈਲੀ - ਦੌੜਕਾ

ਨਵਾਂਸ਼ਹਿਰ : 29 ਜਨਵਰੀ (ਬਿਊਰੋ) ਪੰਜਾਬ- ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਜ਼ਿਲ੍ਹਾ  ਕਨਵੀਨਰਾਂ ਸਾਥੀ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਲੁਭਾਇਆ, ਅਜੀਤ ਸਿੰਘ ਬਰਨਾਲਾ, ਰਾਮ ਮਿੱਤਰ ਕੋਹਲੀ, ਗੁਲਸ਼ਨ ਕੁਮਾਰ, ਮੁਕੰਦ ਲਾਲ, ਸਤਨਾਮ ਸਿੰਘ ਨੇ ਮੀਟਿੰਗ ਉਪਰੰਤ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ, ਠੇਕੇ ਤੇ ਨਿਯੁਕਤ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਕਾਰਨ 31 ਜਨਵਰੀ ਨੂੰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਨੂੰ ਰੋਸ ਪੱਤਰ ਸੌਂਪੇ ਜਾਣਗੇ । ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਦੀ ਰਿਪੋਰਟ 31 ਦਸੰਬਰ ਤਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੀ .ਐੱਸ .ਟੀ. ਦਾ ਪੈਸਾ ਕੇਂਦਰ ਤੋਂ ਆਉਣ ਉਪਰੰਤ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਅਤੇ ਰਹਿੰਦੇ ਬਕਾਏ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤ ਮੰਤਰੀ ਆਪਣੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉੁਤਰਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਅੰਦਰ ਵਿਆਪਕ ਰੋਸ ਹੈ । ਆਗੂਆਂ ਆਖਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਵੱਲੋਂ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪੁਨਰਗਠਨ ਦੇ ਨਾਂ ਉੱਤੇ ਵੱਖ- ਵੱਖ ਅਦਾਰਿਆਂ ਅੰਦਰ ਅਸਾਮੀਆਂ ਖ਼ਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਿਆ ਪ੍ਰਤੀ ਮਹੀਨਾ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾ ਰਿਹਾ । ਸਾਂਝਾ ਫਰੰਟ ਦੇ ਆਗੂ ਕੁਲਦੀਪ ਸਿੰਘ ਦੌੜਕਾ  ਨੇ ਐਲਾਨ ਕੀਤਾ ਕਿ 12 ਫਰਵਰੀ ਦੀ ਮੋਹਾਲੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।