ਨਾਭਾ ਪਾਵਰ ਲਿਮਟਿਡ ਵਿਖੇ 72 ਵਾਂ ਗਣਤੰਤਰ ਦਿਵਸ ਮਨਾਇਆ ਗਿਆ

ਕਾਰਜਕਾਰੀ ਅਧਿਕਾਰੀ, ਐਨ.ਪੀ.ਐਲ, ਸ੍ਰੀ ਅਥਰ ਸ਼ਹਾਬ, ਨੇ ਰਾਸ਼ਟਰੀ ਝੰਡਾ ਲਹਿਰਾਇਆ
ਰਾਜਪੁਰਾ (ਪਟਿਆਲਾ)26 ਜਨਵਰੀ (ਬਿਊਰੋ)  ਦੇਸ਼ ਭਗਤੀ ਦੀ ਭਾਵਨਾ ਵਿਚ ਡੁੱਬੇ ਹੋਏ, ਨਾਭਾ ਪਾਵਰ ਲਿਮਟਿਡ ਨੇ ਆਪਣੇ 2x700 ਮੈਗਾਵਾਟ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਵਿਖੇ ਭਾਰਤ ਦਾ 72 ਵਾਂ ਗਣਤੰਤਰ ਦਿਵਸ ਮਨਾਇਆ ਅਤੇ ਆਪਣੇ ਦੁਵਾਰਾ ਕੀਤੇ ਜਾ ਰਹੇ ਕਾਰਜਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ।
          ਇਸ ਮੌਕੇ ਕਾਰਜਕਾਰੀ ਅਧਿਕਾਰੀ, ਐਨ.ਪੀ.ਐਲ, ਸ੍ਰੀ ਅਥਰ ਸ਼ਹਾਬ, ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਬੋਲਦਿਆਂ ਸੀ.ਈ.ਓ ਨੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਾਰਤ ਵਿਚ 'ਸਵਰਾਜ' ਲਿਆਉਣ ਲਈ ਉਨ੍ਹਾਂ ਦੀ ਅਟੱਲ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਭਾਰਤ ਵਿਚ ਹਰ ਵਰਗ ਦੇ ਲੋਕਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਕਰਨ ਭਾਰਤ ਨੂੰ ਵਿਸ਼ਵ ਵਿਚ ਇਕ ਵੱਖਰਾ ਦਰਜ ਪ੍ਰਾਪਤ ਹੈ ਅਤੇ ਇਹ ਵੱਖ-ਵੱਖ ਸਭਿਆਚਾਰਾਂ, ਜਾਤੀਆਂ ਅਤੇ ਖੇਤਰਾਂ ਦੇ ਸਮੂਹ ਵਜੋਂ ਜਾਣਿਆ ਜਾਂਦਾ ਹੈ I ਇਤਿਹਾਸ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿਦੇਸ਼ੀ ਕਬਜ਼ੇ ਵਿਚ ਇਸ ਲਈ ਆਇਆ ਕਿਉਂਕਿ ਇਹ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ ਅਤੇ ਉਸ ਸਮੇਂ ਦੇ ਰਾਜੇ ਯੂਰੋਪ ਵਿਚ ਹੋ ਰਹੇ ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਅਣਜਾਣ ਸਨ। ਉਨ੍ਹਾਂ ਕਿਹਾ ਕਿ ਅੱਜ, ਭਾਰਤ ਇੱਕ ਸੈਨਿਕ ਅਤੇ ਆਰਥਿਕ ਸ਼ਕਤੀ ਵਜੋਂ ਉੱਭਰਿਆ ਹੈ, ਪਰ ਉਦਯੋਗਿਕ ਕ੍ਰਾਂਤੀ 4.0  ਦੇ ਨਾਲ, ਇੱਥੋਂ ਦੇ ਲੋਕਾਂ ਨੂੰ ਹੋਰਨਾਂ ਦੇਸ਼ਾਂ ਤੋਂ ਅੱਗੇ ਰਹਿਣ ਲਈ ਜੈਨੇਟਿਕਸ, ਦਵਾਈਆਂ, ਬੌਧਿਕ ਵਿਸ਼ੇਸ਼ਤਾਵਾਂ, ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਰਗੇ ਕਈ ਖੇਤਰਾਂ ਵਿੱਚ ਤੇਜ਼ੀ ਨਾਲ ਵਿਕਸਿਤ ਹੋਣ ਦੀ ਲੋੜ ਹੈ।
       ਉਨ੍ਹਾਂ ਕੌਮੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਲਈ ਧੰਨਵਾਦ ਪ੍ਰਗਟ ਕਰਦਿਆਂ ਦੇਸ਼ ਦੇ ਉਨ੍ਹਾਂ ਨੌਜਵਾਨ ਦੀ ਵੀ  ਸ਼ਲਾਘਾ ਕੀਤੀ ਜੋ ਮਿਹਨਤ ਕਰ ਦੇਸ਼ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨਾਭਾ ਪਾਵਰ ਲਿਮਟਿਡ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਵੱਲ ਵੀ ਧਿਆਨ ਖਿੱਚਿਆ, ਜਿਹੜੇ ਪੰਜਾਬ ਰਾਜ ਲਈ ਬਿਜਲੀ ਪੈਦਾ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਲੱਖਾਂ ਘਰਾਂ ਨੂੰ ਪ੍ਰਕਾਸ਼ਤ ਕਰਨ ਦੇ ਨਾਲ ਨਾਲ ਰਾਜ ਦੇ ਸਨਅਤੀ ਵਿਕਾਸ ਨੂੰ ਅੱਗੇ ਵਧਾ ਰਹੇ ਹਨ।