2.24 ਕਰੋੜ ਰੁਪਏ ਦੀ ਲਾਗਤ ਨਾਲ ਔੜ ਥਾਣੇ ਨੂੰ ਜਲਦ ਮਿਲੇਗੀ ਆਪਣੀ ਦੋ ਮੰਜ਼ਿਲਾ ਆਲੀਸ਼ਾਨ ਇਮਾਰਤ

ਐਸ. ਐਸ. ਪੀ ਅਲਕਾ ਮੀਨਾ ਨੇ ਥਾਣਾ ਔੜ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦਾ ਕੀਤਾ ਸ਼ੁੱਭ ਆਰੰਭ

ਨਵਾਂਸ਼ਹਿਰ, 14 ਜਨਵਰੀ : (ਐਨ ਟੀ ਟੀਮ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਮੁੱਖੀ ਐਸ. ਐਸ. ਪੀ ਅਲਕਾ ਮੀਨਾ ਵੱਲੋਂ ਅੱਜ ਟੱਕ ਲਗਾ ਕੇ ਔੜ ਥਾਣੇ ਦੀ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਚਾਇਤ ਵੱਲੋਂ ਪੁਲਿਸ ਮਹਿਕਮੇ ਨੂੰ ਮੁਹੱਈਆ ਕਰਵਾਈ ਗਈ ਜ਼ਮੀਨ 'ਤੇ ਇੱਥੇ ਜਲਦ ਹੀ ਪੁਲਿਸ ਥਾਣੇ ਦੀ ਆਲੀਸ਼ਾਨ ਇਮਾਰਤ ਲੋਕ ਅਰਪਿਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਔੜ ਦੀ ਪੰਚਾਇਤ ਵੱਲੋਂ 13 ਜਨਵਰੀ 2020 ਨੂੰ ਇਕ ਮਤਾ ਪਾ ਕੇ 2 ਏਕੜ ਜ਼ਮੀਨ ਥਾਣੇ ਦੀ ਇਮਾਰਤ ਲਈ ਪੁਲਿਸ ਮਹਿਕਮੇ ਨੂੰ ਦਾਨ ਕੀਤੀ ਗਈ ਸੀ। ਇਸ ਥਾਂ 'ਤੇ ਹੁਣ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ 2.24 ਕਰੋੜ ਰੁਪਏ ਦੀ ਲਾਗਤ ਨਾਲ ਇਕ ਵਿਸ਼ਾਲ ਦੋ ਮੰਜ਼ਿਲਾ ਇਮਾਰਤ ਉਸਾਰੀ ਜਾ ਰਹੀ ਹੈ, ਜਿਥੇ ਪੁਲਿਸ ਥਾਣੇ ਤੋਂ ਇਲਾਵਾ ਕੁਆਰਟਰ ਅਤੇ ਬੈਰਕਾਂ ਆਦਿ ਵੀ ਬਣਾਏ ਜਾਣਗੇ। ਉਨਾਂ ਕਿਹਾ ਕਿ ਇਸ ਨਾਲ ਪੁਲਿਸ ਮੁਲਾਜ਼ਮਾਂ ਦੇ ਠਹਿਰਨ ਆਦਿ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਉਨਾਂ ਦੱਸਿਆ ਕਿ ਔੜ ਵਿਖੇ ਪੁਲਿਸ ਚੌਕੀ ਲੰਮੇ ਸਮੇਂ ਤੋਂ ਚੱਲ ਰਹੀ ਸੀ, ਜਿਸ ਨੂੰ 2018 ਵਿਚ ਥਾਣਾ ਘੋਸ਼ਿਤ ਕਰ ਦਿੱਤਾ ਗਿਆ। ਉਨਾਂ ਦੱਸਿਆ ਕਿ ਉਦੋਂ ਤੋਂ ਹੀ ਇਹ ਥਾਣਾ ਇਕ ਧਾਰਮਿਕ ਸਥਾਨ ਦੀ ਜਗਾ ਵਿਚ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਇਸ ਥਾਣੇ ਨੂੰ ਆਪਣੀ ਇਮਾਰਤ ਮਿਲਣ ਜਾ ਰਹੀ ਹੈ, ਜਿਸ ਨਾਲ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਆਮ ਜਨਤਾ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨਾਂ ਇਸ ਮੌਕੇ ਥਾਣੇ ਦੀ ਇਮਾਰਤ ਨੂੰ ਹਕੀਕੀ ਰੂਪ ਦੇਣ ਲਈ ਪਾਏ ਯੋਗਦਾਨ ਬਦਲੇ ਪਿੰਡ ਦੀ ਪੰਚਾਇਤ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਪੰਚਾਇਤ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਐਸ. ਐਸ. ਪੀ ਅਲਕਾ ਮੀਨਾ ਦੇ ਅਣਥੱਕ ਯਤਨਾਂ ਸਦਕਾ ਹੀ ਔੜ ਥਾਣੇ ਨੂੰ ਆਪਣੀ ਇਮਾਰਤ ਦਿਵਾਉਣ ਲਈ ਕਾਰਵਾਈ ਆਰੰਭੀ ਗਈ ਸੀ, ਜਿਸ ਨੂੰ ਜਲਦ ਹੀ ਹਕੀਕੀ ਰੂਪ ਮਿਲਣ ਜਾ ਰਿਹਾ ਹੈ। ਇਸ ਮੌਕੇ ਐਸ. ਪੀ (ਹੈੱਡ ਕੁਆਰਟਰ) ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ (ਸਬ ਡਵੀਜ਼ਨ) ਹਰਨੀਲ ਸਿੰਘ, ਡੀ. ਐਸ. ਪੀ (ਪੀ. ਬੀ. ਆਈ) ਰਾਜ ਕੁਮਾਰ, ਸਰਪੰਚ ਜੋਗਰਾਜ ਦੁੱਗਲ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਇਲਾਕਾ ਵਾਸੀ ਹਾਜ਼ਰ ਸਨ।  
ਕੈਪਸ਼ਨ :-ਥਾਣਾ ਔੜ ਦੀ ਨਵੀਂ ਬਣਨ ਵਾਲੀ ਇਮਾਰਤ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕਰਦੇ ਹੋਏ ਐਸ. ਐਸ. ਪੀ ਅਲਕਾ ਮੀਨਾ