ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾ ਲਈ ਨਾਮਜ਼ਦਗੀਆਂ 30 ਜਨਵਰੀ ਤੋਂ-ਡਾ. ਪ੍ਰੀਤੀ ਯਾਦਵ

ਨਗਰ ਕੌਂਸਲ ਚੋਣਾਂ ਲਈ ਫੋਟੋ ਵੋਟਰ ਕਾਰਡ ਤੋਂ ਇਲਾਵਾ ਪਾਸਪੋਰਟ, ਡਰਾਇਵਿੰਗ ਲਾਇਸੈਂਸ, ਪੈਨ ਕਾਰਡ ਤੇ ਹੋਰ ਅਧਿਕਾਰਤ ਪਛਾਣ ਪੱਤਰਾਂ ਨਾਲ ਵੀ ਵੋਟਰ ਪਾ ਸਕਣਗੇ ਆਪਣੀ ਵੋਟ
ਪਟਿਆਲਾ, ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ, 27 ਜਨਵਰੀ:
ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਦੇ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਪਟਿਆਲਾ ਜ਼ਿਲ੍ਹੇ ਦੀਆਂ ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਦੀਆਂ ਨਗਰ ਕੌਂਸਲ ਦੀਆਂ ਚੋਣਾਂ 14 ਫਰਵਰੀ ਨੂੰ ਹੋਣੀਆਂ ਤੈਅ ਹੋਈਆਂ ਹਨ, ਇਨ੍ਹਾਂ ਚੋਣਾਂ ਲਈ ਨਾਮਜਦਗੀਆਂ ਭਰਨ ਦਾ ਕੰਮ 30 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ 3 ਫਰਵਰੀ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ ਅਤੇ 14 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਯੋਗਤਾ ਮਿਤੀ 1 ਜਨਵਰੀ 2020 ਦੇ ਅਧਾਰ 'ਤੇ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੀ ਪਛਾਣ ਲਈ ਵੋਟਰ ਕਾਰਡ ਤੋਂ ਇਲਾਵਾ ਰਾਜ ਚੋਣ ਕਮਿਸ਼ਨ ਦੇ ਫੈਸਲੇ ਮੁਤਾਬਕ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵਰਤੇ ਜਾਂਦੇ ਹੋਰ ਅਧਿਕਾਰਤ ਪਛਾਣ ਪੱਤਰ ਵੀ ਮਨਜੂਰ ਹੋਣਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪ੍ਰੰਤੂ ਫੋਟੋ ਵੋਟਰ ਪਛਾਣ ਪੱਤਰ ਨਾ ਹੋਣ ਦੀ ਸੂਰਤ 'ਚ ਵੀ ਵੋਟਰ ਆਪਣੀ ਵੋਟ ਪਾ ਸਕੇਗਾ ਬਸ਼ਰਤੇ ਕਿ ਉਸ ਕੋਲ ਆਪਣੀ ਪ੍ਰਮਾਣਿਕਤਾ ਦਰਸਾਉਣ ਲਈ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਤੋਰ ਵੋਟਰ ਆਪਣੀ ਤੇ ਆਪਣੇ ਪਰਿਵਾਰ ਦੀ ਵੈਰੀਫੀਕੇਸ਼ਨ ਕਰਨ/ਕਰਵਾਉਣ ਸਮੇਂ ਵੋਟਰ ਕੋਲ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅੱਧ ਸਰਕਾਰੀ ਸ਼ਨਾਖਤੀ ਕਾਰਡ ਆਦਿ ਪਛਾਣ ਪੱਤਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੈਂਕ ਪਾਸਬੁੱਕ, ਕਿਸਾਨ ਸ਼ਨਾਖਤੀ ਕਾਰਡ, ਰਾਸ਼ਨ ਕਾਰਡ, ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ, ਅਸਲਾ ਲਾਇਸੈਂਸ, ਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ (ਇਹ ਸਾਰੇ ਦਸਤਾਵੇਜ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਬਣੇ ਹੋਏ ਹੋਣ), ਸਾਬਕਾ ਸਰਵਿਸਮੈਨ, ਵਿਧਵਾ ਜਾਂ ਹੋਰ ਕੋਈ ਪੈਨਸ਼ਨ ਦੀ ਕਾਪੀ, ਜਾਇਦਾਦ ਦੇ ਦਸਤਾਵੇਜ, ਪਟਾ, ਰਜਿਸਟਰੀ ਜਾਂ ਡੀਡ ਆਦਿ, ਆਜ਼ਾਦੀ ਘੁਲਾਟੀਆ, ਅੰਗਹੀਣਤਾ ਸਰਟੀਫਿਕੇਟ ਜਾਂ ਏਅਰ ਫੋਰਸ, ਨੇਵੀ, ਆਰਮੀ ਦਾ ਫੋਟੋ ਪਛਾਣ ਪੱਤਰ ਆਦਿ ਵਿਚੋਂ ਕੋਈ ਇੱਕ ਦਸਤਾਵੇਜ਼ ਹੋਣਾ ਲਾਜਮੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਵੇਂ ਕਿ ਸਾਰੇ ਵੋਟਰਾਂ ਨੂੰ ਆਪਣੀਆਂ ਵੋਟਾਂ ਦਾ ਭੁਗਤਾਨ ਕਰਨ ਸਮੇਂ ਆਪਣੀ ਪਛਾਣ ਦਰਸਾਉਣ ਲਈ ਉਨ੍ਹਾਂ ਦੇ ਫੋਟੋ ਵੋਟਰ ਪਛਾਣ ਪੱਤਰ ਜਾਰੀ ਕੀਤੇ ਗਏ ਹਨ ਪ੍ਰੰਤੂ ਕਈ ਵਾਰ ਵੋਟਰ ਆੲ.ਡੀ. ਕਾਰਡ 'ਚ ਕੋਈ ਛੋਟੀ ਜਿਹੀ ਊਣਤਾਈ ਹੋਣ ਦੇ ਬਾਵਜੂਦ ਵੋਟਰਾਂ ਦੇ ਦੂਸਰੇ ਅਧਿਕਾਰਤ ਪਛਾਣ ਪੱਤਰਾਂ ਦੇ ਅਧਾਰ 'ਤੇ ਵੋਟਾਂ ਪੁਆਉਣ ਦੀ ਆਗਿਆ ਹੋਵੇਗੀ। ਅਜਿਹਾ ਹੋਣ 'ਤੇ ਪੋਲਿੰਗ ਬੂਥ 'ਚ ਵੋਟਰ ਦੀ ਸਬੰਧਤ ਪਛਾਣ ਪੱਤਰ ਨੂੰ ਦਰਜ ਕੀਤਾ ਜਾਵੇਗਾ ਪਰੰਤੂ ਅਜਿਹਾ ਵੋਟਰ ਆਪਣੀ ਵੋਟ ਆਪਣੇ ਵੋਟਰ ਆਈ.ਡੀ. ਕਾਰਡ ਦੇ ਅਧਾਰ 'ਤੇ ਕਿਸੇ ਦੂਜੇ ਪੋਲਿੰਗ ਬੂਥ 'ਤੇ ਨਹੀਂ ਪਾ ਸਕੇਗਾ।