ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ


 ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ
ਨਵਾਂਸ਼ਹਿਰ, 16 ਜਨਵਰੀ : (ਨਵਾਂਸ਼ਹਿਰ ਬਿਉਰੋ)ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਮਾਣਯੋਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਦਿੱਤਿਆ ਉੱਪਲ ਅਤੇ ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਰਿਬਨ ਕੱਟ ਕੇ ਸਾਂਝੇ ਤੌਰ ਉੱਤੇ ਕੋਵਿਡ-19 ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਬਲਵਿੰਦਰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਦਵਿੰਦਰ ਢਾਂਡਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰਾਜ ਰਾਣੀ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਪਾਲ ਕਟਾਰੀਆ, ਨੋਡਲ ਅਫ਼ਸਰ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਰਪਿੰਦਰ ਸਿੰਘ, ਡਾ ਸਤਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ੍ਰੀ ਰਾਮ ਸਿੰਘ, ਬਲਾਕ ਐਜੂਕੇਟਰ ਵਿਕਾਸ ਵਿਰਦੀ ਅਤੇ ਸਿਵਲ ਸਰਜਨ ਦੇ ਸਹਾਇਕ ਅਜੇ ਕੁਮਾਰ ਮੌਜੂਦ ਸਨ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਦੱਸਿਆ ਅੱਜ ਸਵੇਰੇ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਕੋਵਿਡ-19 ਦਾ ਪਹਿਲਾ ਟੀਕਾ ਲਗਾ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਹਿਲਾ ਟੀਕਾ ਸਿਹਤ ਵਿਭਾਗ ਵਿਚ ਕੰਮ ਕਰਦੇ ਇਕ ਬਲਾਕ ਐਕਸਟੈਨਸ਼ਨ ਐਜੂਕੇਟਰ ਅਤੇ ਕਮਿਊਨਿਟੀ ਸਿਹਤ ਕੇਂਦਰ ਮੁਕੰਦਪੁਰ ਵਿਖੇ ਪਹਿਲਾ ਟੀਕਾ ਇਕ ਡਾਕਟਰ  ਨੇ ਲਗਵਾਇਆ। ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਜਿੰਨੇ ਵੀ ਹੈਲਥ ਕੇਅਰ ਵਰਕਰਾਂ ਨੂੰ ਟੀਕੇ ਲਾਏ ਗਏ, ਉਹ ਪੂਰੀ ਤਰ੍ਹਾਂ ਨਾਲ ਫਿੱਟ ਹਨ। ਹੈਲਥ ਕੇਅਰ ਵਰਕਰਾਂ ਦੀ ਸਿਹਤ ਉੱਤੇ ਕੋਵਿਡ-19 ਟੀਕੇ ਦਾ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਿਲਆ। ਸਾਵਧਾਨੀ ਦੇ ਤੌਰ ਉੱਤੇ ਟੀਕਾਕਰਨ ਤੋਂ ਬਾਅਦ ਹੈਲਥ ਕੇਅਰ ਵਰਕਰਾਂ ਨੂੰ ਅੱਧਾ ਘੰਟਾ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ। ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਪਾਲ ਕਟਾਰੀਆ ਅਤੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਮੁਕੰਦਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਵੀਇੰਦਰ ਸਿੰਘ ਦੀ ਅਗਵਾਈ ਵਿੱਚ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹਾਲ ਦੀ ਘੜੀ ਕੇਵਲ ਦੋ ਸਥਾਨਾਂ ਹੀ ਉੱਤੇ ਟੀਕੇ ਲਗਾਏ ਜਾ ਰਹੇ ਹਨ। ਹੈਲਥ ਕੇਅਰ ਵਰਕਰਾਂ ਨੂੰ ਟੀਕਾਕਰਨ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਕੋਵਿਨ ਐਪ ਰਾਹੀਂ ਦਿੱਤੀ ਗਈ। ਡਾ. ਢਾਂਡਾ ਨੇ ਦੱਸਿਆ ਕਿ ਹਰੇਕ ਸੈਸ਼ਨ ਸਾਈਟ 'ਤੇ ਅੱਜ ਪੰਜ-ਪੰਜ ਵੈਕਸੀਨੇਸ਼ਨ ਅਫਸਰ ਅਤੇ ਇਕ-ਇਕ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ। ਸਭ ਤੋਂ ਪਹਿਲਾਂ ਵੈਕਸੀਨੇਸ਼ਨ ਅਫਸਰ-1 ਵੱਲੋਂ ਕੋਵਿਡ-19 ਟੀਕੇ ਦੇ ਰਜਿਸਟਰਡ ਲਾਭਪਾਤਰੀਆਂ ਦੇ ਹੱਥ ਸੈਨੇਟਾਈਜ ਕਰਵਾਕੇ ਵੇਟਿੰਗ ਰੂਮ ਵਿਚ ਬਿਠਾਇਆ ਗਿਆ, ਜਿਸ ਦੌਰਾਨ ਲਾਭਪਾਤਰੀ ਸੂਚੀ ਵਿਚ ਦਰਜ ਨਾਮ ਦੀ ਤਸਦੀਕ ਕੀਤੀ ਗਈ। ਇਸੇ ਦੌਰਾਨ ਵੈਕਸੀਨੇਸ਼ਨ ਅਫਸਰ-2 ਵੱਲੋਂ ਕੋ-ਵਿਨ ਪੋਰਟਲ 'ਤੇ ਲਾਭਪਾਤਰੀ ਦੀ ਰਜਿਸਟ੍ਰੇਸ਼ਨ ਦੀ ਬਾਰੀਕੀ ਨਾਲ ਘੋਖ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਵੈਕਸੀਨੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਹੈਲਥ ਕੇਅਰ ਵਰਕਰ ਨੂੰ ਕੋਵਿਡ-19 ਦਾ ਟੀਕਾ ਲਾਉਣ ਉਪਰੰਤ ਲਾਭਪਾਤਰੀ ਨੂੰ ਦੂਜਾ ਟੀਕਾ ਲਗਵਾਉਣ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਦੂਜੇ ਟੀਕੇ ਲਈ ਵੀ ਲਾਭਪਾਤਰੀਆਂ ਨੂੰ ਮੈਸੇਜ ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਹੀ ਭੇਜਿਆ ਜਾਵੇਗਾ। ਲਾਭਪਾਤਰੀ ਦੇ ਟੀਕਾ ਲਾਉਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਵੈਕਸੀਨੇਸ਼ਨ ਅਫਸਰ-4 ਅਤੇ ਵੈਕਸੀਨੇਸ਼ਨ ਅਫਸਰ-5 ਦੀ ਨਿਗਰਾਨੀ ਵਿਚ ਰੱਖਿਆ ਗਿਆ। ਇਸ ਮੌਕੇ ਫਾਰਮੇਸੀ ਅਫ਼ਸਰ ਪਰਮਵੀਰ ਪ੍ਰਿੰਸ, ਐੱਲ.ਐੱਚ.ਵੀ. ਬਲਵਿੰਦਰ ਕੌਰ, ਸੀਨੀਅਰ ਨਰਸਿੰਗ ਸਿਸਟਰ ਰਾਜ, ਏ.ਐਨ.ਐਮ ਮਨਪ੍ਰੀਤ ਕੌਰ, ਰਿੰਪੀ ਸਹੋਤਾ, ਬਲਜੀਤ ਕੌਰ, ਮਨਜੀਤ ਕੌਰ, ਸੋਨੀਆ ਅਤੇ ਜੋਤੀ ਵੱਲੋਂ ਹੈਲਥ ਕੇਅਰ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ, ਜਦੋਂ ਕਿ ਰਾਜੇਸ਼ ਕੁਮਾਰ, ਰਾਜ ਕੁਮਾਰ, ਅਜੇ ਕੁਮਾਰ, ਸੁਸ਼ੀਲ ਕੁਮਾਰ, ਪੰਕਜ ਅਤੇ ਚਮਨ ਲਾਲ ਵੱਲੋਂ ਨਿਗਰਾਨੀ ਰੂਮ ਵਿਚ ਡਿਊਟੀ ਨਿਭਾਈ ਗਈ।