ਪਰਨੀਤ ਕੌਰ ਨੇ ਪਟਿਆਲਾ 'ਚ ਸ਼ੁਰੂ ਕਰਵਾਈ ਕੋਰੋਨਾ ਵੈਕਸੀਨ ਟੀਕਾਕਰਣ ਮੁਹਿੰਮ

ਸਿਵਲ ਸਰਜਨ ਡਾ. ਸਤਿੰਦਰ ਸਿੰਘ, ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਰ ਡਾ. ਸੁਧੀਰ ਵਰਮਾ, ਡਾ. ਮਨਮੋਹਨ ਸਿੰਘ, ਡਾ. ਸੇਖੋਂ ਨੇ ਵੀ ਲਗਵਾਇਆ ਟੀਕਾ

ਪਹਿਲੇ ਪੜਾਅ ਤਹਿਤ ਨਿਜੀ ਤੇ ਸਰਕਾਰੀ ਹਸਪਤਾਲਾਂ ਦੇ 11070 ਮੈਡੀਕਲ ਤੇ ਪੈਰਾਮੈਡੀਕਲ ਕਾਮਿਆਂ, ਵਾਰਡ ਅਟੈਂਡੈਂਟ ਤੇ ਦਰਜਾ ਚਾਰ ਮੁਲਾਜਮਾਂ ਨੂੰ ਲੱਗੇਗਾ ਟੀਕਾ

ਪਟਿਆਲਾ, 16 ਜਨਵਰੀ:(ਨਵਾਂਸ਼ਹਿਰ ਬਿਊਰੋ)ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪੰਜਾਬ 'ਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਰਸਮੀ ਤੌਰ 'ਤੇ ਸ਼ੁਰੂ ਕਰਵਾਈ ਗਈ ਕੋਰੋਨਾ ਵੈਕਸੀਨ ਟੀਕਾਕਰਣ ਮੁਹਿੰਮ ਤਹਿਤ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਇੱਥੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦਾ ਟੀਕਾਕਰਣ ਸ਼ੁਰੂ ਕਰਵਾਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਸ਼ੁੱਭ ਹੈ ਜਦੋਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਸਾਡੇ ਦੇਸ਼ ਦੇ ਵਿਗਿਆਨੀਆਂ ਵੱਲੋਂ ਲਿਆਂਦੀ ਗਈ ਵੈਕਸੀਨ ਦਾ ਟੀਕਾਕਰਣ ਸ਼ੁਰੂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਹ ਟੀਕਾ ਕੋਵਿਡ ਤੋਂ ਪ੍ਰਭਾਵਤ ਹੋਣ ਦੇ ਜਿਆਦਾ ਖ਼ਤਰੇ 'ਚ ਕੰਮ ਕਰਦੇ ਡਾਕਟਰਾਂ ਤੇ ਹੋਰ ਸਿਹਤ ਕਾਮਿਆਂ ਨੂੰ ਲਗਾਇਆ ਜਾਣਾ ਹੈ ਅਤੇ ਬਾਅਦ 'ਚ ਮੂਹਰੀ ਕਤਾਰ 'ਚ ਕੰਮ ਕਰਨ ਵਾਲਿਆਂ ਅਤੇ ਆਮ ਲੋਕਾਂ ਨੂੰ ਇਹ ਟੀਕਾ ਲੱਗੇਗਾ। ਉਨ੍ਹਾਂ ਕਿਹਾ ਕਿ 'ਮਾਰਚ 2020 ਤੋਂ ਅਸੀਂ ਇਸ ਮਹਾਂਮਾਰੀ ਨਾਲ ਜੂਝ ਰਹੇ ਹਾਂ ਪਰੰਤੂ ਇਸ ਨਵੇਂ ਸਾਲ ਦੇ ਸ਼ੁਰੂ 'ਚ ਇਹ ਚੰਗੀ ਖ਼ਬਰ ਹੈ ਕਿ ਸਾਡੇ ਸਾਂਇੰਸਦਾਨਾਂ ਨੇ ਇਸ ਦੀ ਵੈਕਸੀਨ ਬਣਾਈ ਹੈ ਅਤੇ ਅਸੀਂ ਇਸ ਮਹਾਂਮਾਰੀ ਤੋਂ ਬਚ ਸਕਾਂਗੇ।' ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ 'ਚ ਲੋਕਾਂ ਨੂੰ ਟੀਕਾਕਰਣ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਸਾਡੇ ਵਿਗਿਆਨੀਆਂ ਮੁਤਾਬਕ ਇਹ ਟੀਕਾ ਸੁਰੱਖਿਅਤ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਵੈਕਸੀਨ ਉਪਬਲਧ ਕਰਵਾਉਣ ਲਈ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਕਿ ਉਹ ਗਰੀਬ ਲੋਕਾਂ ਲਈ ਇਸ ਟੀਕੇ ਨੂੰ ਮੁਫ਼ਤ ਲਗਾਉਣ ਦੇ ਪ੍ਰਬੰਧ ਜਰੂਰ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਜੋ ਕਿ ਕੋਵਿਡ ਵੈਕਸੀਨੇਸ਼ਨ ਜ਼ਿਲ੍ਹਾ ਟਾਸਕ ਫੋਰਸ ਦੇ ਚੇਅਰਮੈਨ ਵੀ ਹਨ, ਨੇ ਸਿਹਤ ਸੰਭਾਲ ਨਾਲ ਜੁੜੇ ਕਾਮਿਆਂ ਨੂੰ ਟੀਕਾਕਰਣ ਲਈ ਸ਼ੁਭਇਛਾਵਾਂ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਨੂੰ 11080 ਕੋਵੀਸ਼ੀਲਡ ਵੈਕਸੀਨ ਟੀਕੇ ਪ੍ਰਾਪਤ ਹੋਏ ਹਨ, ਜੋ ਕਿ ਸਰਕਾਰੀ ਤੇ ਨਿਜੀ ਖੇਤਰ ਦੇ ਡਾਕਟਰਾਂ, ਪੈਰਾਮੈਡੀਕਲ ਕਾਮਿਆਂ, ਵਾਰਡ ਅਟੈਂਡੈਂਟਾਂ, ਦਰਜਾ ਚਾਰ ਮੁਲਾਜਮਾਂ ਨੂੰ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਸਬ ਡਵੀਜਨਲ ਹਸਪਤਾਲ ਰਾਜਪੁਰਾ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਵੀ ਕੋਵਿਡ ਟੀਕਾਕਰਣ ਮੁਹਿੰਮ ਚੱਲ ਰਹੀ ਹੈ ਅਤੇ ਹਰ ਇੱਕ ਥਾਂ 'ਤੇ 100-100 ਜਣਿਆਂ ਦੇ ਟੀਕਾ ਲੱਗੇਗਾ। ਇਸ ਮੌਕੇ ਸਿਵਲ ਸਰਜਨ ਡਾ. ਸਤਿੰਦਰ ਸਿੰਘ, ਜਿਨ੍ਹਾਂ ਨੇ ਪਹਿਲਾ ਟੀਕਾ ਲਗਵਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਅੱਜ ਪੀਐਮਸੀ ਪ੍ਰਧਾਨ ਡਾ. ਏ.ਐਸ. ਸੇਖੋਂ, ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਰ ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡਾ. ਡੀ.ਪੀ. ਸਿੰਘ, ਡਾ. ਜੇਪੀ ਵਾਲੀਆ, ਡਾ. ਨੀਰਜ ਗੋਇਲ, ਡਾ. ਹਰਮਿੰਦਰ ਸਿੰਘ, ਡਾ. ਰਾਜ ਕੇ ਗੁਪਤਾ, ਡਾ. ਐਮ.ਕੇ. ਬਾਤਿਸ਼, ਡਾ. ਕੇ.ਐਲ. ਬਾਤਿਸ਼, ਡਾ. ਵਿਕਾਸ ਗੁਪਤਾ, ਡਾ. ਸੰਜੇ ਬਾਂਸਲ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਆਦਿ ਨੇ ਵੀ ਪਹਿਲੀ ਕਤਾਰ 'ਚ ਟੀਕਾ ਲਗਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅੱਜ ਪਹਿਲੀ ਡੋਜ਼ ਲੱਗੀ ਹੈ, ਉਨ੍ਹਾਂ ਨੂੰ ਦੂਜੀ ਡੋਜ਼ 4 ਹਫ਼ਤਿਆਂ ਬਾਅਦ ਲੱਗੇਗੀ।
ਇਸ ਮੌਕੇ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਾਜੇਸ਼ ਕੁਮਾਰ ਸ਼ਰਮਾ, ਪਨਗ੍ਰੇਨ ਦੇ ਡਾਇਰੈਕਟਰ ਰਜਨੀਸ਼ ਸ਼ੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ ਗਰੇਵਾਲ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਮਾਤਾ ਕੌਸ਼ੱਲਿਆ ਹਸਪਤਾਲ ਦੇ ਐਮ.ਐਸ. ਡਾ. ਸੰਦੀਪ ਕੌਰ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਹੋਰ ਡਾਕਟਰ ਮੌਜੂਦ ਸਨ।
ਫੋਟੋ ਕੈਪਸ਼ਨ- ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਕੋਵਿਡ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।