ਨਵਾਂਸ਼ਹਿਰ 26 ਜਨਵਰੀ(ਐਨ ਟੀ ਬਿਉਰੋ) ਅੱਜ ਗਣਤੰਤਰ ਦਿਵਸ ਮੌਕੇ ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਵਿਚ ਟਰੈਕਟਰ ਟਰਾਲੀ ਮਾਰਚ ਕੀਤਾ ਗਿਆ।ਜਿਸ ਵਿਚ 50 ਤੋਂ ਵੱਧ ਟਰੈਕਟਰ-ਟਰਾਲੀਆਂ, ਕਾਰਾਂ ਜੀਪਾਂ ਸ਼ਾਮਲ ਹੋਈਆਂ।ਇਸ ਮਾਰਚ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਭਾਨਮਜਾਰਾ, ਸੋਹਣ ਸਿੰਘ ਅਟਵਾਲ, ਜਸਬੀਰ ਸਿੰਘ ਮੰਗੂਵਾਲ, ਹਰਵਿੰਦਰ ਸਿੰਘ ਅਸਮਾਨ ਪੁਰ ਨੇ ਕੀਤੀ।ਮਾਰਚ ਕੱਢਣ ਸਮੇਂ ਇੱਥੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤਾਂ ਰਾਜ ਸਭਾ ਵਿੱਚ ਤਿੰਨ ਖੇਤੀ ਬਿੱਲ ਧੱਕੇ ਨਾਲ ਪਾਸ ਕੀਤੇ ਜਦੋਂ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਦਾ ਰਾਹ ਫੜਿਆ ਤਾਂ ਉਹਨਾਂ ਉੱਤੇ ਜਬਰ ਢਾਹਿਆ।ਹੁਣ ਇਹ ਵੱਡੀ ਗਣਤੰਤਰੀ ਸਰਕਾਰ ਬਣਕੇ ਦਿਖਾਉਣ ਦੇ ਖੇਖਨ ਕਰ ਰਹੀ ਹੈ।ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਗੁੱਸਾ ਚਰਮ ਸੀਮਾ ਤੇ ਹੈ।ਅੰਤ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ। ਇਸ ਟਰੈਕਟਰ ਮਾਰਚ ਵਿਚ ਸ਼ਾਮਲ ਗੱਡੀਆਂ ਉੱਤੇ ਕਿਸਾਨੀ ਘੋਲ ਨਾਲ ਸਬੰਧਤ, ਮਨੁੱਖੀ ਹੱਕਾਂ ਬਾਰੇ, ਤਾਨਾਸ਼ਾਹੀ ਬਾਰੇ, ਸਾਮਰਾਜਵਾਦ ਬਾਰੇ, ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼,ਸੰਸਾਰ ਬੈਂਕ ਅਤੇ ਦੇਸੀ ਵਿਦੇਸ਼ੀ ਕੰਪਨੀਆਂ ਦੇ ਵਿਰੋਧ ਵਾਲੇ ਬੈਨਰ ਵੀ ਲਾਏ ਹੋਏ ਸਨ।
ਫੋਟੋ ਕੈਪਸ਼ਨ : ਨਵਾਂਸ਼ਹਿਰ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ।