ਰਾਜਪੁਰਾ, ਨਾਭਾ, ਸਮਾਣਾ ਤੇ ਪਾਤੜਾਂ ਨਗਰ ਕੌਂਸਲ ਚੋਣਾਂ

ਨਾਮਜ਼ਦਗੀਆਂ ਦੇ ਪਹਿਲੇ ਦਿਨ 10 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਰਾਜਪੁਰਾ/ਨਾਭਾ/ਸਮਾਣਾ/ਪਾਤੜਾਂ/ਪਟਿਆਲਾ, 30 ਜਨਵਰੀ: ਵਧੀਕ ਜ਼ਿਲ੍ਹਾ ਚੋਣ ਅਫ਼ਸਰ  ਕਮ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਗਰ ਕੌਂਸਲ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 14 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਰਿਟਰਨਿੰਗ ਅਫ਼ਸਰਾਂ-ਕਮ-ਉਪ ਮੰਡਲ ਮੈਜਿਸਟ੍ਰੇਟ ਕੋਲ 10 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦੀਆਂ ਦਾਖਲ ਕਰਨ ਦੇ ਪਹਿਲੇ ਦਿਨ ਰਿਟਰਨਿੰਗ ਅਫ਼ਸਰ ਸਮਾਣਾ ਕੋਲ 9 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਅਤੇ ਇਸੇ ਤਰ੍ਹਾਂ ਰਿਟਰਨਿੰਗ ਅਫ਼ਸਰ ਨਾਭਾ ਕੋਲ 1 ਨਾਮਜ਼ਦਗੀ ਪੱਤਰ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਰਿਟਰਨਿੰਗ ਅਫ਼ਸਰ ਰਾਜਪੁਰਾ ਅਤੇ ਪਾਤੜਾਂ ਕੋਲ ਕੋਈ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 3 ਫਰਵਰੀ ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਵੇਗੀ ਜਦੋਂ ਕਿ 5 ਫਰਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ 5 ਫਰਵਰੀ ਨੂੰ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਚਾਰ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ  ਮਿਤੀ  14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਦਕਿ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਜ਼ਿਲ੍ਹਾ ਪੱਧਰ 'ਤੇ ਕੰਟਰੋਲ ਰੂਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਕੰਮਰਾ ਨੰਬਰ 1 'ਚ ਸਥਾਪਤ ਕਰ ਦਿੱਤਾ ਗਿਆ ਹੈ ਜਿਸ ਦਾ ਟੈਲੀਫੋਨ ਨੰਬਰ 0175-2311306 ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਕੋਵਿਡ-19 ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਅਤੇ ਦਸਤਾਨੇ ਵੀ ਮੁਹੱਈਆ ਕਰਵਾਏ ਜਾਣਗੇ।