ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਜਾਵੇਗਾ 72ਵਾਂ ਗਣਤੰਤਰ ਦਿਵਸ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ ਸਿੰਘ ਲਹਿਰਾਉਣਗੇ ਰਾਸ਼ਟਰੀ ਝੰਡਾ
ਨਵਾਂਸ਼ਹਿਰ, 15 ਜਨਵਰੀ : ਦੇਸ਼ ਦਾ 72ਵਾਂ ਗਣਤੰਤਰ ਦਿਵਸ ਜ਼ਿਲੇ ਵਿਚ ਦੇਸ਼ ਭਗਤੀ ਦੇ ਜਜ਼ਬੇ ਅਤੇ ਉਤਸ਼ਾਹ ਲਾਲ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਜ਼ਿਲਾ ਪੱਧਰੀ ਸਮਾਗਮ 26 ਜਨਵਰੀ ਨੂੰ ਸਰਕਾਰੀ ਆਈ. ਟੀ. ਆਈ ਦੀ ਗਰਾਊੂਂਡ ਵਿਖੇ ਹੋਵੇਗਾ। ਇਹ ਪ੍ਰਗਟਾਵਾ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਆਈ. ਏ ਐਸ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਗਣਤੰਤਰ ਦਿਵਸ ਸਮਾਰੋਹ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ ਸਿੰਘ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਅਤੇ ਉਹ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਉਨਾਂ ਸਮਾਗਮ ਦੇ ਪ੍ਰਬੰਧਾਂ ਸਬੰਧੀ ਗਠਿਤ ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਿਹਨਤ ਤੇ ਲਗਨ ਨਾਲ ਪੂਰਾ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਮੌਕੇ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ ਅਤੇ ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣ ਵਾਲੀਆਂ ਵਿਕਾਸ ਨੂੰ ਦਰਸਾਉਂਦੀਆਂ ਵੱਖ-ਵੱਖ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਸ ਦੌਰਾਨ ਉਨਾਂ ਸਟੇਜ ਦੀ ਸਜਾਵਟ, ਗਰਾਊਂਡ ਦੀ ਸਾਫ਼-ਸਫ਼ਾਈ, ਸੈਨੇਟਾਈਜ਼ੇਸ਼ਨ, ਪਰੇਡ, ਝਾਕੀਆਂ, ਸੁਰੱਖਿਆ, ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਸਵਾਗਤੀ ਗੇਟ, ਪਬਲਿਕ ਐਡਰੈੱਸ ਸਿਸਟਮ, ਰਿਕਵਰੀ ਵੈਨ, ਫਾਇਰ ਟੈਂਡਰ, ਸ਼ਹਿਰ ਦੀ ਸਫ਼ਾਈ, ਚੌਕਾਂ ਦੀ ਸਜਾਵਟ, ਰਿਫਰੈਸ਼ਮੈਂਟ, ਬੈਰੀਕੇਡਿੰਗ, ਸੁਚਾਰੂ ਆਵਾਜਾਈ ਅਤੇ ਬੈਠਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਹਦਾਇਤ ਕੀਤੀ ਕਿ ਸਮੁੱਚੇ ਪ੍ਰਬੰਧਾਂ ਦੌਰਾਨ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ, ਐਸ. ਪੀ (ਹੈੱਡ ਕੁਆਰਟਰ) ਮਨਵਿੰਦਰ ਬੀਰ ਸਿੰਘ, ਤਹਿਸੀਲਦਾਰ ਕੁਲਵੰਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ:-ਗਣਤੰਤਰ ਦਿਵਸ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ। ਨਾਲ ਹਨ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਪੀ ਮਨਵਿੰਦਰ ਬੀਰ ਸਿੰਘ ਅਤੇ ਹੋਰ।