'ਭਾਰਤੀ ਗਣਤੰਤਰ : ਵਾਅਦੇ ਅਤੇ ਹਕੀਕਤਾਂ ' ਵਿਸ਼ੇ ਉੱਤੇ ਕਾਨਫਰੰਸ

ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ- ਜਸਬੀਰ ਦੀਪ
ਨਵਾਂਸ਼ਹਿਰ 26 ਜਨਵਰੀ (ਐਨ ਟੀ  ਬਿਉਰੋ) ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਅਧਿਕਾਰ ਸਭਾ ਵਲੋਂ ਇੱਥੇ ਰਿਲਾਇੰਸ ਸਟੋਰ ਅੱਗੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ 'ਤੇ 'ਭਾਰਤੀ ਗਣਰਾਜ: ਵਾਅਦੇ ਅਤੇ ਹਕੀਕਤਾਂ' ਵਿਸ਼ੇ ਉੱਤੇ ਕਾਨਫਰੰਸ ਕੀਤੀ ਗਈ। ਮੌਜੂਦਾ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪ੍ਰੰਤ ਵਿਚਾਰ ਪ੍ਰਗਟਾਉਂਦਿਆਂ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 38ਅਤੇ 39 ਰਾਜ ਦੇ ਨਿਰਦੇਸ਼ਕ ਸਿਧਾਂਤ ਲਾਗੂ ਕਰਨ ਦਾ ਵਾਅਦਾ ਕਰਦੇ ਹਨ। ਇਹਨਾਂ ਆਰਟੀਕਲਾਂ ਰਾਹੀਂ ਦੇਸ਼ ਵਿਚ ਆਰਥਿਕ ਪਾੜਾ ਘਟਾਉਣ ਅਤੇ ਵਸੀਲਿਆਂ ਦਾ ਪਾੜਾ ਘੱਟ ਕਰਨ ਦਾ ਨਾਗਰਿਕਾਂ ਨਾਲ ਵਾਅਦਾ ਕੀਤਾ ਗਿਆ ਸੀ ਪਰ ਇਸ ਪਾਸੇ ਵਲ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕੇ। ਉਹਨਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਪਾਰਟੀ ਦੇ ਮੇਰਠ ਸੈਸ਼ਨ ਵਿਚ ਜਲਦੀ ਹੀ ਸੰਵਿਧਾਨ ਘੜਨੀ ਸਭਾ ਬੁਲਾਉਣ ਦਾ ਵਾਅਦਾ ਕੀਤਾ ਸੀ ਜੋ ਕਦੇ ਬੁਲਾਈ ਹੀ ਨਹੀਂ ਗਈ। ਭਾਜਪਾ ਸਰਕਾਰ ਆਰ.ਐਸ. ਐਸ ਦਾ ਮੌਜੂਦਾ ਸੰਵਿਧਾਨ ਦੀ ਥਾਂ ਮੰਨੂੰ ਸਮ੍ਰਿਤੀ ਲਾਗੂ ਕਰਨ ਦੇ ਰਾਹ ਉੱਤੇ ਚੱਲ ਰਹੀ ਹੈ। ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਸੰਵਿਧਾਨਕ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾਇਆ ਜਾ ਰਿਹਾ ਹੈ। ਇਹ ਸਰਕਾਰ ਆਪਣਾ ਫਾਸ਼ੀਵਾਦੀ ਏਜੰਡਾ ਲਾਗੂ ਕਰ ਰਹੀ ਹੈ। ਯੂ ਏ ਪੀ ਏ ਵਰਗੇ ਕਾਲੇ ਕਾਨੂੰਨਾਂ ਰਾਹੀਂ ਪੁਲਸ ਫੋਰਸ ਨੂੰ ਵਧ ਅਧਿਕਾਰ ਦੇਕੇ ਨਾਗਰਿਕਾਂ ਦੇ ਹੱਕ ਕੁਚਲੇ ਜਾ ਰਹੇ ਹਨ। ਮੋਦੀ ਸਰਕਾਰ ਦੀ ਅਲੋਚਨਾ ਕਰਨ ਵਾਲੇ ਆਗੂਆਂ, ਵਕੀਲਾਂ, ਲੇਖਕਾਂ, ਬੁੱਧੀਜੀਵੀਆਂ, ਕਵੀਆਂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਸਿਰ ਦੇਸ਼ ਧ੍ਰੋਹ ਦੇ ਕੇਸ ਮੜ੍ਹਕੇ ਉਹਨਾਂ ਨੂੰ ਜੇਹਲਾਂ ਵਿਚ ਸੁੱਟਿਆ ਜਾ ਰਿਹਾ ਹੈ। ਵਿਦਿਅਕ ਨੀਤੀ ਦਾ ਭਗਵਾਕਰਨ ਕਰਕੇ, ਅਕਾਦਮਿਕ ਅਦਾਰਿਆਂ ਨੂੰ ਕਾਬੂ ਕਰਕੇ, ਅਹਿਮ ਪ੍ਰਸ਼ਾਸਨਿਕ ਅਹੁਦਿਆਂ ਉੱਤੇ ਆਰ.ਐਸ. ਐਸ ਦੀ ਪੁੱਠ ਚੜੀ ਵਾਲੇ ਵਿਅਕਤੀ ਫਿੱਟ ਕੀਤੇ ਜਾ ਰਹੇ ਹਨ। ਇਹ ਸਰਕਾਰ ਅਦਾਲਤਾਂ ਨੂੰ ਪ੍ਰਭਾਵਿਤ ਕਰਕੇ ਅਦਾਲਤਾਂ ਦੀ ਛਵੀ ਦਾਗੀ ਕਰ ਰਹੀ ਹੈ।ਇਸ ਸਰਕਾਰ ਦੇ ਸਮੇਂ ਵਿਚ ਦੇਸ਼ ਦੇ ਵਖ ਵਖ ਖੇਤਰਾਂ ਵਿਚ ਸਾਮਰਾਜੀ ਦਖਲਅੰਦਾਜ਼ੀ ਵਧੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਸਹੀ ਅਰਥਾਂ ਵਾਲਾ ਗਣਰਾਜ ਸਿਰਜਣ ਲਈ ਆਜਾਦੀ ਦੀ ਇਕ ਹੋਰ ਲੜਾਈ ਲੜਨੀ ਪਵੇਗੀ। ਇਸ ਕਾਨਫਰੰਸ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਭਾਨਮਜਾਰਾ, ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ,ਜਰਨੈਲ ਸਿੰਘ ਖਾਲਸਾ, ਹਰੀ ਰਾਮ ਰਸੂਲਪੁਰੀ, ਪਰਮਜੀਤ ਕੌਰ ਮਹਾਲੋਂ,ਬਲਿਹਾਰ ਸਿੰਘ ਭੰਗਲ ਅਤੇ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਡਾਕਟਰ ਚਮਨ ਲਾਲ, ਅਵਤਾਰ ਸਿੰਘ ਤਾਰੀ, ਹਰਬੰਸ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ।