ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਪੰਚਾਇਤੀ ਰਾਜ ਤੇ ਸਥਾਨਕ ਸਰਕਾਰਾਂ 'ਚ 50 ਫ਼ੀਸਦੀ ਰਾਖਵਾਂ ਕਰਨ ਦੇ ਕੇ ਇਤਿਹਾਸਕ ਫੈਸਲਾ ਕੀਤਾ-ਪਰਨੀਤ ਕੌਰ


ਪਟਿਆਲਾ, 18 ਜਨਵਰੀ: (ਐਨ ਟੀ) ਪਟਿਆਲਾ ਜ਼ਿਲ੍ਹੇ ਦੀਆਂ ਮਹਿਲਾ ਸਰਪੰਚਾਂ ਅਤੇ ਪੰਚਾਂ ਲਈ ਅਗਵਾਈ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਉਂਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਦਾ ਆਪਣੇ ਘਰ ਦੇ ਨਾਲ-ਨਾਲ ਘਰ ਤੋਂ ਬਾਹਰ ਸਮਾਜ ਦੇ ਸਫ਼ਲ ਨਿਰਮਾਣ 'ਚ ਯੋਗਦਾਨ ਬਹੁਤ ਅਹਿਮ ਹੈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਾਦਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਸੇਵਾ ਭਾਰਤ ਦੇ ਸਹਿਯੋਗ ਨਾਲ ਕਰਵਾਏ ਸਿਖਲਾਈ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਮਹਿਲਾਵਾਂ ਲਈ 33 ਫੀਸਦੀ ਰਾਖਵਾਂਕਰਨ ਲਾਗੂ ਕੀਤਾ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਚਾਇਤੀ ਸੰਸਥਾਵਾਂ ਤੇ ਸਥਾਨਕ ਸਰਕਾਰਾਂ 'ਚ 50 ਫੀਸਦੀ ਰਾਖਵਾਂਕਰਨ ਦੇਣ ਦੀ ਪਹਿਲਕਦਮੀ ਕੀਤੀ, ਕਿਉਂਕਿ ਅਜਿਹਾ ਕਰਨ ਵਾਲਾ ਪੰਜਾਬ, ਦੇਸ਼ ਦੇ ਚੋਣਵੇਂ ਰਾਜਾਂ 'ਚੋਂ ਇੱਕ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿਵੇਂ ਕਿ ਮਰਦਾਂ ਦੀ ਸਫ਼ਲਤਾ ਲਈ ਮਹਿਲਾਵਾਂ ਨੂੰ ਸਿਹਰਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਹੀ ਇੱਕ ਸਫ਼ਲ ਮਹਿਲਾ ਦੀ ਸਫ਼ਲਤਾ ਲਈ ਉਸਦੇ ਪਤੀ, ਭਰਾ ਜਾਂ ਪਿਤਾ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਆਪਣੀ ਨਿਜੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੌਥੀ ਵਾਰ ਲੋਕ ਸਭਾ ਮੈਂਬਰ ਬਣਾਉਣ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਹਿਮ ਯੋਗਦਾਨ ਹੈ, ਕਿਉਂਕਿ ਪਹਿਲਾਂ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ 'ਚ ਹਿੱਸਾ ਲੈਂਦੇ ਹੁੰਦੇ ਸਨ ਅਤੇ ਹੁਣ ਉਹ ਖ਼ੁਦ ਐਮ.ਪੀ. ਹਨ। ਉਨ੍ਹਾਂ ਕਿਹਾ ਕਿ ਜੇਕਰ ਮਰਦ ਤੇ ਔਰਤ ਮਿਲਕੇ ਹੰਭਲਾ ਮਾਰਨ ਤਾਂ ਸਾਡਾ ਸਮਾਜ ਅਤੇ ਦੇਸ਼ ਹੋਰ ਬੁਲੰਦੀਆਂ ਨੂੰ ਛੂਹ ਸਕਦਾ ਹੈ। ਲੋਕ ਸਭਾ ਮੈਂਬਰ ਨੇ ਕਿਹਾ ਕਿ ਮਹਿਲਾਵਾਂ ਜੇਕਰ ਆਪਣੀ ਘਰ-ਗ੍ਰਹਿਸਥੀ ਨੂੰ ਸੰਭਾਲਣ ਦੇ ਨਾਲ-ਨਾਲ ਸਮਾਜ 'ਚ ਮਰਦਾਂ ਦੇ ਬਰਾਬਰ ਹਿੱਸਾ ਪਾਉਣ ਤਾਂ ਸਾਡਾ ਸਮਾਜ ਸਚਮੁੱਚ ਅੱਗੇ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੀ ਦੁਨੀਆਂ ਦੀ ਸੋਚ 'ਚ ਹੀ ਤਬਦੀਲੀ ਆ ਗਈ ਹੈ, ਪਹਿਲਾਂ ਮਹਿਲਾ ਆਪਣੇ ਆਪ ਨੂੰ ਖ਼ੁਦ ਹੀ ਕਮਜੋਰ ਸਮਝਦੀ ਸੀ ਪਰ ਹੁਣ ਸੂਚਨਾ ਤਕਨਾਲੋਜੀ ਦਾ ਜਮਾਨਾ ਹੈ, ਜਿਸ 'ਚ ਕੋਈ ਮਹਿਲਾ ਪਿੱਛੇ ਨਹੀਂ ਰਹੀ।
ਸ੍ਰੀਮਤੀ ਪਰਨੀਤ ਕੌਰ ਨੇ ਕਿਸਾਨੀ ਸੰਘਰਸ਼ 'ਚ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਆਧੁਨਿਕ ਸੂਚਨਾ ਤਕਨਾਲੋਜੀ ਦਾ ਲਾਭ ਲੈਂਦਿਆਂ ਆਪਣੇ ਘਰ, ਪਰਿਵਾਰ, ਆਲੇ ਦੁਆਲੇ, ਸਮਾਜ, ਆਪਣੇ ਪਿੰਡ-ਸ਼ਹਿਰ, ਰਾਜ ਅਤੇ ਦੇਸ਼ ਦੀ ਤਰੱਕੀ 'ਚ ਆਪਣਾ ਅਹਿਮ ਹਿੱਸਾ ਪਾਉਣ ਲਈ ਅੱਗੇ ਆਉਣ। ਏ.ਡੀ.ਸੀ. (ਡੀ)  ਡਾ. ਪ੍ਰੀਤੀ ਯਾਦਵ ਨੇ ਮਹਿਲਾ ਪੰਚਾਂ ਅਤੇ ਸਰਪੰਚਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਅਤੇ ਸੈਲਫ ਇੰਪਲਾਇਡ ਵੂਮੈਨ'ਜ ਐਸੋਸੀਏਸ਼ਨ (ਸੇਵਾ) ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ, ਨਰੇਗਾ, ਪੀ.ਐਮ.ਆਈ., ਸਿਹਤ, ਸਿੱਖਿਆ, ਸਫ਼ਾਈ, ਵਾਤਾਵਰਣ ਤੇ ਹੋਰ ਸਮਾਜਿਕ ਮੁੱਦਿਆਂ ਦੀ ਸਿਖਲਾਈ ਅਤੇ ਮਹਿਲਾ ਸ਼ਸਕਤੀਕਰਨ ਦੀ ਯੋਜਨਾ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਤੋਂ ਡਾ. ਰੋਜ਼ੀ ਵੈਦ ਨੇ ਟ੍ਰੇਨਿੰਗ ਦੇ ਮੰਤਵ, ਪੰਚਾਇਤੀ ਰਾਜ ਢਾਂਚਾ ਅਤੇ ਔਰਤਾਂ ਲਈ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਰਾਖਵਾਕਰਨ ਬਾਰੇ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਸਕੱਤਰ ਵਿੰਨੀ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਚਾਇਤੀ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਜੀ.ਐਸ. ਢਿੱਲੋਂ, ਹਰਸ਼ਰਨ ਕੌਰ ਕੋਆਰਡੀਨੇਟਰ ਸੇਵਾ, ਮਾਸਟਰ ਟ੍ਰੇਨਰ ਸਰਪੰਚ ਸ਼ੇਸ਼ਨਦੀਪ ਕੌਰ ਨੇ ਵੀ ਪੰਚਾਂ-ਸਰਪੰਚਾਂ ਨੂੰ ਸਿਖਲਾਈ ਦਿੱਤੀ। ਇਸ ਮੌਕੇ ਲੋਕ ਸਭਾ ਮੈਂਬਰ ਅਤੇ ਵਿਧਾਇਕਾਂ ਨੂੰ ਸੁਹਾਵੇ ਥਾਨ ਪੁਸਤਕ ਵੀ ਭੇਟ ਕੀਤੀ ਗਈ। ਇਸ ਦੌਰਾਨ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਰਾਜ ਕੌਰ ਗਿੱਲ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. (ਡੀ)  ਡਾ. ਪ੍ਰੀਤੀ ਯਾਦਵ, ਬਾਪੂ ਮਾਨ ਸਿੰਘ, ਬਲਾਕ ਸੰਮਤੀ ਚੇਅਰਮੈਨ ਤਰਸੇਮ ਸਿੰਘ ਝੰਡੀ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਕਾਰਜਕਾਰੀ ਅਧਿਕਾਰੀ ਰੂਪ ਸਿੰਘ, ਡੀ.ਡੀ.ਪੀ.ਓ ਸੁਰਿੰਦਰ ਸਿੰਘ ਢਿੱਲੋਂ ਅਤੇ ਹੋਰ ਪੰਚਾਇਤੀ ਨੁਮਾਇੰਦੇ ਮੌਜੂਦ ਸਨ।
ਫੋਟੋ ਕੈਪਸ਼ਨ-ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਬਲਾਕ ਦੀਆਂ ਮਹਿਲਾ ਸਰਪੰਚਾਂ ਅਤੇ ਪੰਚਾਂ ਲਈ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਵਿੱਚ