ਮਾਤਰੀ ਮੌਤ ਦਰ ਘਟਾਉਣ ਵਿਚ ਇਕ ਮਜ਼ਬੂਤ ਨਿਗਰਾਨੀ ਪ੍ਰਣਾਲੀ ਬਹੁਤ ਜ਼ਰੂਰੀ : ਡਾ. ਜਤਿੰਦਰ ਸਿੰਘ


ਨਵਾਂਸ਼ਹਿਰ, 21 ਜਨਵਰੀ : (ਐਨ ਟੀ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ "ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ" ਵਿਸ਼ੇ ਉੱਤੇ ਅੱਜ ਜ਼ਿਲ੍ਹਾ ਪੱਧਰੀ ਦੋ ਦਿਨਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰਾਂ ਅਤੇ ਸਟਾਫ ਨਰਸਾਂ ਸਮੇਤ ਏ.ਐਨ.ਐਮਜ਼ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ ਪ੍ਰਤੀ 100,000 ਜੀਵਤ ਜਨਮਾਂ ਦੀ ਮਾਂ ਦੀ ਮੌਤ ਦਰ (ਐੱਮ.ਐੱਮ.ਆਰ.) 2014-2015 ਵਿਚ 130 ਤੋਂ ਘੱਟ ਕੇ 2016-18 ਵਿੱਚ 113 ਰਹਿ ਗਈ ਹੈ। ਸਰਕਾਰ ਨੇ ਦੇਸ਼ ਵਿੱਚ ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਕਈ ਮਹੱਤਵਪੂਰਨ ਕਦਮ ਉਠਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸੁਧਾਰਾਤਮਕ ਕਾਰਵਾਈ ਕਰਨ ਲਈ ਮੈਟਰਨਲ ਡੈੱਥ ਸਰਵੀਲੈਂਸ ਐਂਡ ਰਿਸਪਾਂਸ (ਐੱਮ.ਡੀ.ਐੱਸ.ਆਰ.) ਸਿਸਟਮ ਵੀ ਸ਼ਾਮਲ ਹੈ। ਡਾ. ਜਤਿੰਦਰ ਸਿੰਘ ਨੇ ਟ੍ਰੇਨਿੰਗ ਵਿਚ ਸ਼ਾਮਲ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਸਾਲਾਂ ਵਿਚ ਸਿਹਤ ਵਿਭਾਗ ਨੇ ਰਿਪੋਰਟਿੰਗ, ਮੁਲਾਂਕਣ ਅਤੇ ਐਕਸ਼ਨ ਪਲਾਨ ਨਾਲ ਮਾਤਰੀ ਮੌਤ ਦੀ ਮੁਲਾਂਕਣ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਮਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਕੇ ਠੋਸ ਯੋਜਨਾ ਉਲੀਕੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਾਤਰੀ ਮੌਤ ਨਿਗਰਾਨੀ ਅਤੇ ਕਾਰਵਾਈ ਲਈ ਪ੍ਰਕਿਿਰਆ ਨੂੰ ਤੇਜ਼ ਅਤੇ ਪ੍ਰਬੰਧਨ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਤਰੀ ਮੌਤ ਦਾ ਗੁਪਤ ਮੁਲਾਂਕਣ ਕਰਵਾਉਣ ਲਈ ਇਕ ਸਿਸਟਮ ਸਥਾਪਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦੇ ਕਾਰਨਾਂ ਦੇ ਮੁਲਾਂਕਣ ਨਾਲ ਭਵਿੱਖ ਵਿਚ ਠੋਸ ਕਦਮ ਉਠਾਏ ਜਾ ਸਕਦੇ ਹਨ। ਇਸ ਤਹਿਤ ਹਰ ਮਾਤਰੀ ਮੌਤ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਸ ਟ੍ਰੇਨਿੰਗ ਵਿਚ ਬੱਚਿਆਂ ਦੇ ਮਾਹਰ ਡਾ. ਹਰਤੇਸ਼ ਸਿੰਘ ਪਾਹਵਾ, ਗਾਇਨੀਕੋਲੋਜਿਸਟ ਡਾ. ਮੋਨਿਕਾ ਜੈਨ ਤੇ ਸਟਾਫ ਨਰਸ ਨੇਹਾ ਨੇ ਵੀ ਟ੍ਰੇਨਿੰਗ ਵਿਚ ਸ਼ਾਮਲ ਉਮੀਦਵਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਕਸਟੈਨਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।