ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਗੁਰਸਿੱਖ ਨੌਜਵਾਨ ਤੇ ਦਿੱਲੀ ਪੁਲਿਸ ਵੱਲੋਂ ਸਿੰਘੂ ਬਾਰਡਰ 'ਤੇ ਤਸ਼ੱਦਦ ਕੀਤੇ ਜਾਣ ਨੂੰ ਲੈ ਕੇ ਇਲਾਕੇ ਅੰਦਰ ਭਾਰੀ ਰੋਸ
ਕੇਂਦਰ ਸਰਕਾਰ ਦੀ ਕਿਸੇ ਪ੍ਰਕਾਰ ਦੀ ਬੇਇਨਸਾਫੀ ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ - ਚੰਦੂਮਾਜਰਾ
ਨਵਾਂਸ਼ਹਿਰ : 31 ਜਨਵਰੀ : (ਬਿਊਰੋ) ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਇਕ ਗੁਰਸਿੱਖ ਨੌਜਵਾਨ ਰਣਜੀਤ ਸਿੰਘ (22) ਪੁੱਤਰ ਰਾਵਲ ਸਿੰਘ 'ਤੇ ਦਿੱਲੀ ਪੁਲਿਸ ਵਲੋਂ ਅੰਨ੍ਹਾ ਤਸ਼ੱਦਦ ਕੀਤੇ ਜਾਣ ਉਪਰੰਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਨੂੰ ਲੈ ਕੇ ਇਲਾਕੇ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਪੀੜ੍ਹਤ ਪਰਿਵਾਰ ਨਾਲ ਵੱਖ-ਵੱਖ ਜਥੇਬੰਦੀਆਂ, ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ| ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵਾਂਸ਼ਹਿਰ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ ਅਤੇ ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਥਿਆੜਾ ਨਾਲ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਜ਼ਮਪੁਰ ਵਿਖੇ ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਪੁੱਤਰ ਸ. ਰਾਵਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਟਰੈਕਟਰ ਪਰੇਡ ਦੌਰਾਨ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਕਾਨੂੰਨੀ ਪੈਰਵੀ ਕਰ ਕੇ ਇਨਸਾਫ਼ ਦਿਵਾਏਗਾ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿੰਡ-ਪਿੰਡ ਜਾ ਕੇ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮਿਲ ਕੇ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨ ਸਾਡਾ ਭਵਿੱਖ ਹਨ, ਅਸੀਂ ਆਪਣੇ ਭਵਿੱਖ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਤੇ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ। ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੇਂਦਰ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ । ਪਰ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆ ਦੇ ਹੱਥਾਂ 'ਚ ਦੇਸ਼ ਦੇ ਕਿਸਾਨਾਂ ਨੂੰ ਵੇਚਣ ਦੀ ਚਾਲ ਕਦੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ।
ਲੜਕੇ ਦੀ ਮਾਤਾ ਬੀਬੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੂਜੀ ਵਾਰ 21 ਜਨਵਰੀ ਨੂੰ ਦਿੱਲੀ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਗਿਆ ਸੀ | ਦਿੱਲੀ ਪੁਲਿਸ ਨੇ ਉਸ ਬੇਕਸੂਰ ਲੜਕੇ 'ਤੇ ਅੰਨ੍ਹਾ ਤਸ਼ੱਦਦ ਕੀਤਾ ਹੈ | ਬੀਬੀ ਜੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਹਨਾਂ ਦੇ ਲੜਕੇ ਨਾਲ ਧੱਕਾ ਅਤੇ ਨਾਇਨਸਾਫੀ ਕੀਤੀ ਹੈ। ਉਹਨਾਂ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਕਿਸਾਨੀ ਘੋਲ ਨੂੰ ਦਬਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਉਹ ਰਣਜੀਤ ਸਿੰਘ ਦੇ ਇਨਸਾਫ ਲਈ ਲੜਨਗੇ।
ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਬੀ. ਜੇ. ਪੀ. ਸਰਕਾਰ ਦੇ ਕੁਝ ਸ਼ਰਾਰਤੀ ਤੱਤਾਂ ਨੇ ਸਿੰਘੂ ਬਾਰਡਰ ਦੇ ਲਾਗੇ ਪਿੰਡ ਵਾਸੀਆਂ ਦਾ ਭੇਸ ਬਣਾ ਕੇ ਹਮਲਾ ਕੀਤਾ ਗਿਆ ਤਾਂ ਜਦੋਂ ਇਹ ਸ਼ਰਾਰਤੀ ਤੱਤ ਸਟੇਜ ਤੋਂ ਬੀਬੀਆਂ ਵਾਲੇ ਪਾਸੇ ਨੂੰ ਦਾਖਲ ਹੋਣ ਲੱਗੇ ਤਾਂ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਨੌਜਵਾਨ ਰਣਜੀਤ ਸਿੰਘ ਨੂੰ ਮਜਬੂਰਨ ਹਿਫ਼ਾਜ਼ਤ ਲਈ ਸ੍ਰੀ ਸਾਹਿਬ ਕੱਢਣੀ ਪਈ | ਜਿਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਬੀ. ਜੇ. ਪੀ. ਕੇਂਦਰ ਸਰਕਾਰ ਦੀ ਸ਼ਹਿ ਉੱਤੇ ਗੁਰਸਿੱਖ ਨੌਜਵਾਨ ਰਣਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ 'ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ | ਦਿੱਲੀ ਪੁਲਿਸ ਵਲੋਂ ਕੁੱਟਮਾਰ ਦੌਰਾਨ ਉਸ ਦੇ ਕਕਾਰਾਂ ਦੀ ਵੀ ਬੇ-ਅਦਬੀ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਗਈ ਹੈ | ਸ. ਸਿਰਸਾ ਇਸ ਕੇਸ ਦੀ ਪੈਰਵਾਈ ਕਰ ਰਹੇ ਹਨ ਤਾਂ ਜੋ ਪੀੜ੍ਹਤ ਨੂੰ ਕਾਨੂੰਨੀ ਸਹਾਇਤਾ ਦਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਉਕਤ ਮਾਮਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ |
ਪਿੰਡ ਕਾਜ਼ਮਪੁਰ ਵਿਖੇ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਦਿੱਲੀ ਸੰਘਰਸ਼ 'ਚ ਸ਼ਾਮਿਲ ਉਕਤ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਅਣਮਨੁੱਖੀ ਵਤੀਰਾ ਕਰਦਿਆਂ ਅੰਨ੍ਹਾ ਤਸ਼ੱਦਦ ਕੀਤਾ ਹੈ ਤੇ ਬੀ. ਜੇ. ਪੀ. ਸਰਕਾਰ ਅਜਿਹਾ ਕਰ ਕੇ ਕਿਸਾਨ ਸੰਘਰਸ਼ ਨੂੰ ਦਬਾ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਦਿੱਲੀ ਸਰਕਾਰ ਦੇ ਵਿਧਾਇਕਾਂ ਨਾਲ ਗੱਲ ਕੀਤੀ ਹੈ ਤਾਂ ਜੋ ਉਕਤ ਗੁਰਸਿੱਖ ਨੌਜਵਾਨ ਨੂੰ ਛੇਤੀ ਤੋਂ ਛੇਤੀ ਇਨਸਾਫ਼ ਦਵਾਇਆ ਜਾ ਸਕੇ |
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਪਿੰਡ ਕਾਜਮਪੁਰ ਵਿਖੇ ਪੁੱਜੇ ਅਤੇ ਦਿੱਲੀ ਧਰਨੇ ਦੇ ਤਾਜ਼ਾ ਹਾਲਾਤ ਤੋਂ ਜਾਣੂੰ ਕਰਵਾਇਆ । ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ ਪਾਖਰ ਸਿੰਘ, ਬੀਬੀ ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਮੋਦੀ ਸਰਕਾਰ ਉਸਦੇ ਏਜੰਟ ਦੀਪ ਸਿੱਧੂ, ਆਰ.ਐਸ. ਐਸ ਦੇ ਵਰਕਰ, ਭਾਰਤੀ ਜਨਤਾ ਪਾਰਟੀ, ਸਰਕਾਰ ਦਾ ਖੁਫੀਆ ਤੰਤਰ ਅਤੇ ਦਿੱਲੀ ਪੁਲਿਸ ਹੋਛੇ ਹੱਥਕੰਡੇ ਵਰਤਕੇ ਕਿਸਾਨੀ ਘੋਲ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਇਸ ਵਿਚ ਸਰਕਾਰ ਕਾਮਯਾਬ ਨਹੀਂ ਹੋਵੇਗੀ। ਉਹਨਾਂ ਨੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।
ਵਰਨਣਯੋਗ ਹੈ ਕਿ ਰਣਜੀਤ ਸਿੰਘ ਗੁਰਸਿੱਖ ਨੌਜਵਾਨ ਹੈ ਅਤੇ ਇਲੈੱਕਟਰੀਸ਼ੀਅਨ ਟਰੇਡ ਵਿਚ ਆਈ.ਟੀ.ਆਈ. ਪਾਸ ਕੀਤੀ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਉਹ ਦਿੱਲੀ ਕਿਸਾਨੀ ਸ਼ੰਘਰਸ਼ ਵਿਚ ਪਹਿਲੀ ਵਾਰ 20 ਦਿਨ ਸੇਵਾ ਕਰਨ ਉਪਰੰਤ ਦੂਜੀ ਵਾਰ 21 ਜਨਵਰੀ ਨੂੰ ਦਿੱਲੀ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਭਾਗ ਲੈਣ ਗਿਆ ਸੀ ਅਤੇ 30 ਜਨਵਰੀ ਨੂੰ ਵਾਪਸੀ ਸੀ। ਟਰੈਕਟਰ ਪਰੇਡ ਤੋਂ ਬਾਅਦ ਵੀ ਉਸ ਦੀ ਪਰਿਵਾਰ ਨਾਲ ਗੱਲਬਾਤ ਹੋਈ ਸੀ । ਪਰ ਬੀਤੇ ਦਿਨੀ ਉਸ ਦਾ ਫੋਨ ਬੰਦ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਰਣਜੀਤ ਸਿੰਘ ਨੂੰ ਦਿੱਲੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੇ ਹੋਏ ਭਾਰੀ ਤਸ਼ਦੱਦ ਬਾਰੇ ਦੱਸਿਆ। ਰਣਜੀਤ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਇੱਥੇ ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਰਣਜੀਤ ਸਿੰਘ ਅਤੇ ਹੋਰ ਜਣਿਆਂ ਉੱਤੇ ਵੱਖ ਵੱਖ ਧਰਾਵਾਂ ਤਹਿਤ ਕੇਸ ਵੱਡੇ ਕੇਸ ਪਾਏ ਹਨ। ਦਿੱਲੀ ਪੁਲਿਸ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ।
ਫੋਟੋ ਕੈਪਸ਼ਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਜਮਪੁਰ ਦੇ ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਮੌਕੇ (ਇਨਸੈਟ ਤਿਹਾੜ ਜੇਲ੍ਹ 'ਚ ਬੰਦ ਨੌਜਵਾਨ ਰਣਜੀਤ ਸਿੰਘ ਪੁੱਤਰ ਸ. ਰਾਵਲ ਸਿੰਘ)