ਪਟਿਆਲਾ, 25 ਜਨਵਰੀ :(ਐਨ ਟੀ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਿੰਘੂ ਬਾਰਡਰ ਉਤੇ ਸੂਬੇ ਦੇ ਕਾਂਗਰਸੀ ਸੰਸਦ ਮੈਂਬਰ ਅਤੇ ਵਿਧਾਇਕ ਉਪਰ ਹੋਏ ਹਮਲੇ ਪਿੱਛੇ ਕਿਸਾਨਾਂ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੱਥ ਹੈ ਜਿਨ੍ਹਾਂ ਦਾ ਇਕਨੁਕਾਤੀ ਏਜੰਡਾ ਭਾਜਪਾ ਦੇ ਇਸ਼ਾਰੇ ਉਤੇ ਗੜਬੜ ਪੈਦਾ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜੋਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਸਰਹੱਦ ਉਤੇ ਬਿਨਾਂ ਕਿਸੇ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਸੰਸਦ ਨੇੜੇ ਆਪ ਵਰਕਰ ਮੌਜੂਦ ਸਨ ਜਿਨ੍ਹਾਂ ਨੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉਪਰ ਹਮਲਾ ਕੀਤਾ ਅਤੇ ਧੱਕਾ-ਮੁੱਕੀ ਕੀਤੀ। ਉਹਨਾਂ ਕਿਹਾ,"ਆਪ ਵਰਕਰ ਪਹਿਲਾਂ ਹੀ ਉਥੇ ਠਹਿਰੇ ਹੋਏ ਸਨ।" ਮੁੱਖ ਮੰਤਰੀ ਨੇ ਕਿਹਾ,"ਹਮਲੇ ਲਈ ਕੋਈ ਹੋਰ ਨਹੀਂ ਸਗੋਂ ਆਪ ਜ਼ਿੰਮੇਵਾਰ ਹੈ। ਕਿਸਾਨ ਜ਼ਿੰਮੇਵਾਰ ਨਹੀਂ ਹਨ।"ਪਟਿਆਲਾ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ,"ਆਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਮੁਲਕ ਧੱਕੇਸ਼ਾਹੀ ਉਤੇ ਨਹੀਂ ਸਗੋਂ ਲੋਕਸ਼ਾਹੀ (ਜਮਹੂਰੀ) ਉਪਰ ਪਨਪ ਰਿਹਾ ਹੈ।" ਬਾਅਦ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਮੁਤਾਬਕ ਆਪ ਵਰਕਰਾਂ ਨੇ ਕਿਸਾਨਾਂ ਵਿੱਚ ਘੁਸਪੈਠ ਕੀਤੀ ਅਤੇ ਕਾਂਗਰਸੀ ਨੇਤਾਵਾਂ ਉਤੇ ਹਮਲਾ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਉਹਨਾਂ ਅਤੇ ਉਹਨਾਂ ਦੀ ਸਰਕਾਰ ਦੇ ਅਕਸ ਨੂੰ ਸੱਟ ਮਾਰਨ ਦੀ ਬੁਖਲਾਹਟ ਵਿੱਚ ਢੀਠਤਾ ਨਾਲ ਲਗਾਤਾਰ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਸਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਾਰੇ ਕੂੜ ਪ੍ਰਚਾਰ ਫੈਲਾਉਣ ਲਈ ਆਪ ਦੀਆਂ ਚਾਲਾਂ ਨਾਕਾਮ ਹੋਣ ਤੋਂ ਬਾਅਦ ਉਹਨਾਂ ਨੇ ਬਿੱਟੂ ਅਤੇ ਜ਼ੀਰਾ ਖਿਲਾਫ਼ ਹਿੰਸਕ ਕਾਰਵਾਈ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਉਤੇ ਹਮਲਾ ਕਰਨ ਦਾ ਕੋਈ ਆਧਾਰ ਨਹੀਂ ਬਣਦਾ। ਉਹਨਾਂ ਕਿਹਾ,"ਆਪ ਲਈ ਅਜਿਹੇ ਹੱਥਕੰਡੇ ਉਹਨਾਂ ਦੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਦਰਾੜ ਪਾਉਣ ਲਈ ਸਹਾਈ ਨਹੀਂ ਹੋਣਗੇ। ਉਹਨਾਂ ਕਿਹਾ ਕਿ ਆਪ ਵਰਕਰ ਅਰਵਿੰਦ ਕੇਜਰੀਵਾਲ, ਜੋ ਭਾਜਪਾ ਲੀਡਰਸ਼ਿਪ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ, ਦੇ ਕਹਿਣ ਉਤੇ ਮਹੀਨਿਆਂ ਤੋਂ ਅਜਿਹਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।"ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਸਵੰਦ ਹਨ ਕਿ ਕਿਸਾਨਾਂ ਦਾ ਭਲਕੇ ਹੋਣ ਵਾਲਾ ਟਰੈਕਟਰ ਮਾਰਚ ਸ਼ਾਂਤਮਈ ਰਹੇਗਾ। ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਨੂੰ ਸਥਿਤੀ ਦੀ ਗੰਭੀਰਤਾ ਨੂੰ ਸਮਝਦੀਆਂ ਹਨ ਅਤੇ ਉਹ ਅਜਿਹਾ ਕੁਝ ਨਹੀਂ ਕਰਨਗੇ ਜਿਸ ਨਾਲ ਉਹਨਾਂ ਦਾ ਆਪਣਾ ਨੁਕਸਾਨ ਹੁੰਦਾ ਹੋਵੇ। ਕਿਸਾਨ ਅੰਦੋਲਨ ਦੀ ਫੰਡਿੰਗ ਦੇ ਸਰੋਤ ਬਾਰੇ ਪੁੱਛੇ ਜਾਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਫੰਡਿੰਗ ਦੇ ਬਾਰੇ ਕੁਝ ਨਹੀਂ ਜਾਣਦੇ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਉਹਨਾਂ ਦੇ ਪਿੰਡਾਂ ਨੂੰ ਭਾਰਤ ਦੇ ਅੰਦਰੋਂ ਤੇ ਬਾਹਰੋਂ ਉਹਨਾਂ ਦੇ ਸਮਰਥਕਾਂ ਤੇ ਸ਼ੁਭਚਿੰਤਕਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਪਾਸੋਂ ਫੰਡ ਆ ਰਹੇ ਹਨ। ਖੇਤੀਬਾੜੀ ਬਾਰੇ ਉਚ ਤਾਕਤੀ ਕਮੇਟੀ ਦੇ ਮੁੱਦੇ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ,"ਰਾਘਵ ਚੱਢੇ ਨੂੰ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥ ਖੰਘਾਲਣ ਦੀ ਲੋੜ ਹੈ।" ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਸੀ ਤਾਂ ਉਸ ਵੇਲੇ ਪੰਜਾਬ ਇਸ ਦਾ ਮੈਂਬਰ ਵੀ ਨਹੀਂ ਸੀ ਅਤੇ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਤੋਂ ਬਾਅਦ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਦੂਜੀ ਮੀਟਿੰਗ ਵਿੱਚ ਵਿੱਤੀ ਮਸਲੇ ਵਿਚਾਰੇ ਗਏ ਜਿਸ ਵਿੱਚ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋਏ ਸਨ ਜਦੋਂਕਿ ਆਖਰੀ ਮੀਟਿੰਗ ਵਿੱਚ ਸਿਰਫ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਹੀ ਸ਼ਾਮਲ ਹੋਏ ਸਨ। ਸੂਬਿਆਂ ਦੇ ਹੱਕ ਖੋਹਣ ਲਈ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਖੇਤੀਬਾੜੀ ਸੂਬਾਈ ਵਿਸ਼ਾ ਹੈ ਪਰ ਕੇਂਦਰ ਸਰਕਾਰ ਮੁਲਕ ਦੇ ਸੰਘੀ ਢਾਂਚੇ ਨੂੰ ਖੇਰੂੰ-ਖੇਰੂੰ ਕਰਨ ਲਈ ਪੱਬਾਂ ਭਾਰ ਹੋਈ ਹੈ।