ਨਵਾਂਸ਼ਹਿਰ ਵਿਖੇ ਜਿਲਾ ਪੱਧਰੀ ਕਿਸਾਨ ਰੈਲੀ 30 ਜਨਵਰੀ ਨੂੰ


ਨਵਾਂਸ਼ਹਿਰ 28 ਜਨਵਰੀ : (ਬਿਉਰੋ)  ਸੰਯੁਕਤ ਕਿਸਾਨ ਮੋਰਚਾ ਵੱਲੋਂ 30 ਜਨਵਰੀ ਨੂੰ ਦਿੱਤੇ ਗਏ ਜਿਲਾ ਹੈੱਡਕਵਾਟਰਾਂ ਉੱਤੇ ਰੋਸ ਰੈਲੀਆਂ ਕਰਨ ਦੇ ਦੇਸ਼ ਵਿਆਪੀ ਸੱਦੇ ਨੂੰ ਜਨਤਕ ਜਥੇਬੰਦੀਆਂ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਜੋਰਾਂ ਸ਼ੋਰਾਂ ਨਾਲ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਪੱਤਰਕਾਰਾਂ ਨਾਲ ਸਾਂਝੀ  ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ਅਤੇ ਆਰ.ਐਸ. ਐਸ ਕਿਸਾਨਾਂ ਦੇ ਇਸ ਪੁਰ ਅਮਨ ਘੋਲ ਨੂੰ ਗਲਤ ਪਾਸੇ ਮੋੜਾ ਦੇਣ ਲਈ ਯਤਨਸ਼ੀਲ ਹਨ।ਉਹਨਾਂ ਕਿਹਾ ਕਿ ਜਿਹੜਾ ਦੀਪ ਸਿੱਧੂ ਆਪਣੇ ਬੰਦਿਆਂ ਅਤੇ ਹੋਰ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਲੈਕੇ ਗਿਆ ਅਤੇ ਉਥੇ ਭੜਕਾਹਟ ਪੈਂਦਾ ਕੀਤੀ ਉਹ ਦੀਪ ਸਿੱਧੂ ਦੀ ਭਾਜਪਾ ਨਾਲ ਜਾਰੀ ਕਿਸੇ ਕੋਲੋਂ ਛੁਪੀ ਹੋਈ ਨਹੀਂ । ਉਹਨਾਂ ਕਿਹਾ ਕਿ ਯੂ.ਪੀ ਪੁਲਿਸ ਨੇ 26 ਜਨਵਰੀ ਦੀ ਰਾਤ ਨੂੰ ਗਾਜੀ ਪੁਰ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਦੀਆਂ ਬੱਤੀਆਂ ਬੁਝਾਕੇ ਗੜਬੜ ਪੈਦਾ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਸਰਕਾਰ ਨੇ ਪੁਲਿਸ ਰਾਹੀਂ ਧਰਨਕਾਰੀ ਕਿਸਾਨਾਂ ਨੂੰ ਜਬਰੀ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਇਸ ਸਰਕਾਰ ਲਈ  ਆਤਮਘਾਤੀ ਕਦਮ ਹੋਵੇਗਾ। ਸਰਕਾਰ ਦੇ ਕਿਸੇ ਵੀ ਤਰ੍ਹਾਂ ਦੇ ਜਬਰ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਇਸਦਾ ਮੂੰਹ ਤੋੜ ਜਵਾਬ ਦੇਣਗੇ। ਉਹਨਾਂ ਦੱਸਿਆ ਕਿ 30 ਜਨਵਰੀ ਨੂੰ ਜਿਲਾ ਪੱਧਰੀ ਧਰਨਾ ਸਵੇਰੇ 10 ਵਜੇ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਸ਼ੁਰੂ ਹੋਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁੰਮ ਹੁਮਾ ਕੇ ਇਸ ਰੈਲੀ ਵਿਚ ਸ਼ਾਮਲ ਹੋਣ। ਇਸ ਮੌਕੇ ਹਰਮਿੰਦਰ ਸਿੰਘ ਫੌਜੀ ਹਿਆਤ ਪੁਰ, ਕੁਲਵਿੰਦਰ ਸਿੰਘ ਵੜੈਚ, ਗੁਰਬਖਸ਼ ਕੌਰ ਸੰਘਾ, ਬੂਟਾ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ ਵੀ ਮੌਜੂਦ ਸਨ।