11 ਧੀਆਂ ਦੀ ਲੋਹੜੀ ਬਾਲ ਕੇ ਧੀਆਂ ਤੇ ਪੁੱਤਰਾਂ ਦੀ ਬਰਾਬਰਤਾ ਦਾ ਸੁਨੇਹਾ ਦਿੱਤਾ
ਪਟਿਆਲਾ, 13 ਜਨਵਰੀ:ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਦੀ ਲੋਹੜੀ ਨੂੰ ਧੀਆਂ ਦੀ ਲੋਹੜੀ ਬਣਾ ਕੇ ਵਿਸ਼ੇਸ਼ ਲੋਹੜੀ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲ੍ਹੋ ਮਨਾਈ ਜਾ ਰਹੀ ਇਹ 'ਧੀਆਂ ਦੀ ਲੋਹੜੀ' ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਮਨਾਈ ਜਾ ਰਹੀ ਹੈ। ਡਾ. ਪ੍ਰੀਤੀ ਯਾਦਵ ਇੱਥੇ ਬਲਾਕ ਪਟਿਆਲਾ (ਦਿਹਾਤੀ) ਵੱਲੋਂ ਬਹਾਵਲਪੁਰ ਭਵਨ, ਪੁਲਿਸ ਲਾਈਨ ਵਿਖੇ 11 ਧੀਆਂ ਦੀ ਲੋਹੜੀ ਮਨਾਉਣ ਮੌਕੇ ਕਰਵਾਏ ਸਮਾਗਮ 'ਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਐਸ.ਡੀ.ਐਮ. ਚਰਨਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ, ਸੀ.ਡੀ.ਪੀ.ਓ, ਪਟਿਆਲਾ (ਦਿਹਾਤੀ) ਸੁਪ੍ਰੀਤ ਕੌਰ ਬਾਜਵਾ, ਸੀ.ਡੀ.ਪੀ.ਓ ਭੁਨਰਹੇੜੀ ਅਨੁਰਤਨ ਕੌਰ, ਇਨਿਫਡ ਦੇ ਡਾਇਰੈਕਟਰ ਮੋਨਿਕਾ ਕਥੂਰੀਆ, ਇੰਦਰਪ੍ਰੀਤ ਸਿੰਘ ਪ੍ਰਧਾਨ ਮਨੁੱਖੀ ਅਧਿਕਾਰ, ਮਨਿੰਦਰ ਸਿੰਘ, ਜਿਲ੍ਹਾ ਕੋਰਟ ਅਤੇ ਸਮੂਹ ਸੁਪਰਵਾਈਜਰ ਅਤੇ ਦਫਤਰੀ ਸਟਾਫ ਹਾਜ਼ਰ ਰਹੇ। ਡਾ. ਪ੍ਰੀਤੀ ਯਾਦਵ ਨੇ 11 ਧੀਆਂ ਦੀ ਲੋਹੜੀ ਬਾਲ ਕੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਧੀਆਂ ਅਤੇ ਪੁੱਤਰ ਇੱਕ ਬਰਾਬਰ ਹਨ। ਏ.ਡੀ.ਸੀ. ਨੇ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ ਦੇ ਨਾਲ-ਨਾਲ ਆਪਣੀ ਸਿਹਤ ਵੱਲ ਵੀ ਵਿਸ਼ੇਸ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਨਵ-ਜਨਮੀਆਂ ਬੇਟੀਆਂ ਦੀਆਂ ਮਾਵਾਂ ਨੂੰ ਕੰਬਲ ਅਤੇ ਕਿੱਟਾਂ ਆਦਿ ਦੇ ਕੇ ਸਨਮਾਨਿਤ ਕੀਤਾ। ਇਸ ਉਪਰੰਤ ਬੱਚੀਆਂ ਨੇ ਗਿੱਧਾ ਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।