ਨਰਿੰਦਰ ਮੋਦੀ ਸਰਕਾਰ ਤੁਰੰਤ ਤਿੰਨ ਕਿਸਾਨੀ ਕਾਨੂੰਨ ਰੱਦ ਕਰੇ : ਸੰਤੋਖ ਸਿੰਘ ਜੱਸੀ

 

ਬੰਗਾ : 8 ਜਨਵਰੀ :  ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨੀ ਅਤੇ ਮਜ਼ਦੂਰਾਂ ਨੂੰ ਖਤਮ ਕਰਨ ਵਾਲੇ ਤਿੰਨੋ ਕਾਲੇ ਕਿਸਾਨੀ ਕਾਨੂੰਨ ਤੁਰੰਤ ਰੱਦ ਕਰਕੇ ਲੋਕਾਂ ਦੀ ਮੰਗ ਨੂੰ ਸਵੀਕਾਰ ਕਰੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਤੋਖ ਸਿੰਘ ਜੱਸੀ ਪ੍ਰਧਾਨ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਅਤੇ ਪ੍ਰਧਾਨ ਪੰਚਾਇਤ ਯੂਨੀਅਨ ਬੰਗਾ ਪੰਜਾਬ ਨੇ ਅੱਜ ਦੇਸ ਦੇ ਪ੍ਰਧਾਨ ਮੰਦਰੀ ਨਰਿੰਦਰ ਮੋਦੀ ਦੇ ਨਾਮ ਦਾ ਮੰਗ ਪੱਤਰ ਅੱਜ ਸ੍ਰੀ ਅਦਿੱਤਿਆ ਉੱਪਲ ਏ ਡੀ ਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦੇਣ ਉਪਰੰਤ ਮੀਡੀਆ ਦੇ ਰੂਬਰੂ ਹੁੰਦੇ ਹੋਏ ਕੀਤਾ। ਸ੍ਰੀ ਸੰਤੋਖ ਸਿੰਘ ਜੱਸੀ ਨੇ ਕਿਹਾ ਉਹਨਾਂ ਨੇ ਆਪਣੇ ਮੰਗ ਪੱਤਰ ਵਿਚ ਪ੍ਰਧਾਨ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਵਿਚ ਬੈਠੇ ਦੇਸ ਭਰ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਮੰਨਣ । ਕਿਉਂਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਸਾਹਿਬ ਜੀ ਵੱਲੋਂ ਦੇਸ ਦੇ ਲੋਕਾਂ ਦੇ ਭਲੇ ਲਈ ਕਾਨੂੰਨ ਬਣਾਏ ਸਨ । ਪਰ ਦੇਸ ਦੇ ਸੰਵਿਧਾਨ ਦੀ ਮੂਲ ਭਾਵਨਾ ਮੁਤਾਬਿਕ ਦੇਸ ਭਰ ਦੇ ਕਿਸਾਨਾਂ ਅਤੇ ਲੋਕਾਂ ਦੇ ਰੋਹ ਤੇ ਭਾਰੀ ਵਿਰੋਧ ਨੂੰ ਦੇਖਦੇ ਹੋਏ ਇਹਨਾਂ ਤਿੰਨੇ ਕਾਲੇ ਕਿਸਾਨੀ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਅੱਜ ਲੱਖਾਂ ਦੀ ਗਿਣਤੀ ਵਿਚ ਦੇਸ ਭਰ ਦੇ ਕਿਸਾਨ, ਮਜ਼ਦੂਰ ਆਪਣੇ ਪਰਿਵਾਰਾਂ, ਆਪਣੇ ਨਿੱਕੇ ਨਿੱਕੇ ਬੱਚਿਆਂ ਸਮੇਤ ਭਾਰੀ ਠੰਢ ਵਿਚ ਆਪਣੀ ਰੋਜ਼ੀ ਰੋਟੀ ਅਤੇ ਜ਼ਮੀਨ ਬਚਾਉਣ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਤੇ ਸ਼ਾਂਤਮਈ ਢੰਗ ਨਾਲ ਆਪਣੀ ਅਵਾਜ਼ ਚੁੱਕ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ। ਪਰ ਕੇਂਦਰ ਸਰਕਾਰ  ਦੇਸ ਦੇ ਅੰਨ ਦਾਤਾ ਦੀ ਨਾ ਸੁਣ ਕੇ, ਉਹਨਾਂ ਨਾਲ  ਬਹੁਤ ਵੱਡਾ ਧੱਕਾ ਕਰ ਰਹੀ ਹੈ। ਸ੍ਰੀ ਜੱਸੀ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਲੋਕ ਭਾਵਨਾ ਦਾ ਸਤਿਕਾਰ ਕਰਦੇ ਹੋਏ ਇਹ ਬਿੱਲ ਤੁਰੰਤ ਰੱਦ ਕੀਤੇ ਜਾਣ ਅਤੇ ਕਿਉਂਕਿ ਕਾਨੂੰਨ ਲੋਕਾਂ ਦੇ ਭਲੇ ਲਈ ਹੁੰਦੇ ਹਨ ਨਾ ਕਿ ਉਹਨਾਂ ਦੀ ਰੋਜ਼ੀ ਰੋਟੀ ਖੋਹਣ ਲਈ । ਕਾਨੂੰਨ ਪਹਿਲਾਂ ਵੀ ਬਣੇ ਹਨ ਅਤੇ ਲੋਕਾਂ ਦੀ ਮੰਗ ਤੇ ਰੱਦ ਵੀ ਹੋਏ ਹਨ। ਇਸ ਮੌਕੇ ਸ੍ਰੀ ਜੱਸੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਨਾ ਮੰਨੀ ਤਾਂ ਇਸ ਕਿਸਾਨੀ ਸ਼ੰਘਰਸ਼ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਸਭ ਤੋਂ ਪਹਿਲਾਂ ਤਿਆਰ ਬਰ ਤਿਆਰ ਰਹਿਣਗੇ। ਇਸ ਸਬੰਧੀ ਵੀ ਇੱਕ ਐਫੀਡੇਵਿਟ ਵੀ ਉਹ ਸਾਂਝਾ ਕਿਸਾਨ ਮੋਰਚੇ ਨੂੰ ਦਿੱਲੀ ਵਿਖੇ ਦੇ ਚੁੱਕੇ ਹਨ। ਇਸ ਮੰਗ ਪੱਤਰ ਨੂੰ ਦੇਣ ਮੌਕੇ ਸ੍ਰੀ ਜੱਸੀ ਦੇ ਨਾਲ ਸੰਜੀਵ ਕੁਮਾਰ ਐਮਾਂ ਜੱਟਾਂ ਜਨਰਲ ਸਕੱਤਰ ਬੇਗਮਪੁਰਾ ਫਾਊਂਡੇਸ਼ਨ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾ, ਪ੍ਰਗਣ ਸਿੰਘ ਮੀਤ ਪ੍ਰਧਾਨ ਲੰਬੜਦਾਰ ਯੂਨੀਅਨ, ਇੰਦਰਜੀਤ ਸਿੰਘ ਪ੍ਰਧਾਨ ਲੰਗੜਦਰ ਯੂਨੀਅਨ ਬੰਗਾ, ਰਮੇਸ਼ ਕੁਮਾਰ ਤਹਿਸੀਲ ਪ੍ਰਧਾਨ, ਲੰਬੜਦਾਰ ਜਸਵਿੰਦਰ ਪਾਲ ਬੰਗਾ, ਬੁੱਧ ਰਾਮ ਦੜੌਚ, ਮੁਨੀਸ਼ ਕੁਮਾਰ ਭਰਦਵਾਜ, ਹਰਦੀਪ ਸਿੰਘ ਮਹਿਰਮਪੁਰ, ਲੱਖਵਿੰਦਰ ਲੱਕੀ, ਅਮਰਜੀਤ ਸਿੰਘ ਸਾਬਕਾ ਸਰਪੰਚ, ਗੁਰਮੀਤ ਜੱਸੀ, ਧਰਮਵੀਰ ਰੱਲ, ਸੁਰਿੰਦਰਪਾਲ ਸਿੰਘ ਸੋਤਰਾਂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :  ਨਵਾਂਸ਼ਹਿਰ ਵਿਖੇ ਏ ਡੀ ਸੀ ਦਫਤਰ ਵਿਚ ਸ੍ਰੀ ਸੰਤੋਖ ਸਿੰਘ ਜੱਸੀ   ਸ੍ਰੀ ਅਦਿੱਤਿਆ ਉੱਪਲ  ਏ ਡੀ ਸੀ ਨੂੰ ਮੰਗ ਪੱਤਰ ਦਿੰਦੇ ਹੋਏ