ਪਿੰਡ ਬਚਾਓ ਪੰਜਾਬ ਬਚਾਓ ਕਾਫਲੇ ਵਲੋਂ ਨਵਾਂਸ਼ਹਿਰ ਵਿਖੇ ਸੈਮੀਨਾਰ

ਨਵਾਂਸ਼ਹਿਰ 9 ਜਨਵਰੀ (ਐਨ ਟੀ) ਅੱਜ ਇੱਥੇ 'ਪਿੰਡ ਬਚਾਓ ਪੰਜਾਬ ਬਚਾਓ ' ਕਾਫਲੇ ਵਲੋਂ ਸੈਮੀਨਾਰ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਸਿਆਸੀ ,ਆਰਥਿਕ ਅਤੇ ਸਮਾਜਿਕ ਖੇਤਰਾਂ ਨੂੰ ਦਰਪੇਸ਼ ਚੁਣੌਤੀਆਂ ਉੱਤੇ ਗੰਭੀਰ ਚਰਚਾ ਕੀਤੀ ਗਈ ।ਕਿਰਤੀ ਕਿਸਾਨ ਯੂਨੀਅਨ ਦੇ ਰਿਲਾਇੰਸ ਸਟੋਰ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਰਚਾਏ ਸੰਵਾਦ ਮੌਕੇ ਵਿਚਾਰ ਪ੍ਰਗਟ ਕਰਦਿਆਂ ਤਖਤ ਸ਼੍ਰੀ ਕੇਸਗੜ੍ਹ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਲੜਾਈ ਸਿਰਫ ਤਿੰਨ ਖੇਤੀ ਕਾਨੂੰਨਾਂ ਖਿਲਾਫ ਨਾ ਹੋਕੇ ਰਾਜ ਪ੍ਰਬੰਧ ਬਦਲਣ ਦੀ ਹੈ ।ਅੱਜ ਬਿਹਤਰ ਰਾਜ ਪ੍ਰਬੰਧ ਦੀ ਸਿਰਜਣਾ ਲਈ ਕਿਸਾਨਾਂ ਮਜਦੂਰਾਂ ਦਾ ਸੰਘਰਸ਼ ਇਸਦੀ ਵੱਡੀ ਸ਼ੁਰੂਆਤ ਸਮਝਣਾ ਚਾਹੀਦਾ ਹੈ।ਕਰਨੈਲ ਸਿੰਘ ਜਖੇਪਲ ਅਤੇ ਡਾਕਟਰ ਸ਼ਾਮ ਸੁੰਦਰ ਦੀਪਤੀ ਨੇ ਕਿਹਾ ਕਿ ਅੱਜ ਦੇਸ਼ ਭਗਤੀ ਅਤੇ ਧਰਮ ਵਿਸ਼ੇਸ਼ ਦੇ ਨਾਂਅ ਉੱਤੇ ਵੋਟ ਬੈਂਕ ਖੜਾ ਕੀਤਾ ਜਾ ਰਿਹਾ ਹੈ।ਕਈ ਰਾਜਸੀ ਪਾਰਟੀਆਂ ਨੇ ਪੰਜਾਬ ਦੇ ਭਖਵੇਂ ਅਤੇ ਬੁਨਿਆਦੀ ਮਸਲਿਆਂ ਨੂੰ ਛੱਡਕੇ 2022 ਦੀਆਂ ਚੋਣਾਂ ਦੇ ਅਜੰਡੇ ਦੁਆਲੇ ਆਪਣੇ ਆਪ ਨੂੰ ਕੇਂਦਰਿਤ ਕਰ ਲਿਆ ਹੈ ।ਕੇਂਦਰ ਸਰਕਾਰ ਦੇ ਅਜੰਡੇ ਉੱਤੇ ਲੋਕ ਨਹੀਂ ਸਗੋਂ ਕਾਰਪੋਰੇਟ ਹਨ।ਸਰਕਾਰ ਕਾਰਪੋਰੇਟਾਂ ਦੀ ਰਖੈਲ ਬਣਕੇ ਵਿਚਰ ਰਹੀ ਹੈ।ਪੰਜਾਬ ਦੀ ਖੇਤੀ, ਵਿਦਿਆ,ਸਿਹਤ ਉੱਤੇ ਸਾਜਿਸ਼ੀ ਹਮਲੇ ਜਾਰੀ ਹਨ।ਪੰਜਾਬ ਦੇ ਮੌਜੂਦਾ ਰਾਜਸੀ ਨੇਤਾ ਚਿੱਟੇ, ਰੇਤਾ, ਸ਼ਰਾਬ ਵਿਚੋਂ ਅਤੇ ਪੂੰਜੀਪਤੀਆਂ ਕੋਲੋਂ ਕਮਿਸ਼ਨ ਖਾਣ ਵਾਲੇ ਹਨ।ਇਹ ਪੰਜਾਬ ਦਾ ਦਰਦ ਸਮਝਣ ਵਾਲੇ ਅਸਲੀ ਨੇਤਾ ਨਹੀਂ ਹਨ ।ਲੋਕਾਂ ਨੂੰ ਆਪਣੇ ਵਿਚੋਂ ਅਸਲ ਆਗੂ ਲੱਭਣ ਦੀ ਲੋੜ ਹੈ ।ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਸਬੀਰ ਦੀਪ ਨੇ ਵੀ ਵਿਚਾਰ ਪ੍ਰਗਟ ਕੀਤੇ।
ਫੋਟੋ ਕੈਪਸ਼ਨ :ਵਿਚਾਰ ਪੇਸ਼ ਕਰਦੇ ਹੋਏ ਗਿਆਨੀ ਕੇਵਲ ਸਿੰਘ, ਕਰਨੈਲ ਸਿੰਘ ਜਖੇਪਲ, ਸ਼ਾਮ ਸੁੰਦਰ ਦੀਪਤੀ, ਗੁਰਬਖਸ਼ ਕੌਰ ਸੰਘਾ ਅਤੇ ਸੈਮੀਨਾਰ ਵਿਚ ਸ਼ਾਮਲ ਸਰੋਤੇ ।