ਪੰਜਾਬ - ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਰਕਾਰ ਦੀ ਅਰਥੀ ਅਤੇ ਪੇ ਕਮਿਸ਼ਨ ਦੀ ਮਿਆਦ ਵਧਾਉਣ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ

ਕਿਸਾਨੀ ਅੰਦੋਲਨ ਦਾ ਜਿੱਤ ਤੱਕ ਸਮਰਥਨ ਕਰਾਂਗੇ- ਦੌੜਕਾ


ਨਵਾਂ ਸ਼ਹਿਰ (8 ਜਨਵਰੀ) ਪੰਜਾਬ- ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲ੍ਹਾ ਕਨਵੀਨਰਾਂ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਮਿੱਤਰ ਕੋਹਲੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਨਵਾਂ ਸ਼ਹਿਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧਾ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਮੋਹਣ ਸਿੰਘ ਪੂਨੀਆਂ, ਸੋਮ ਲਾਲ, ਪ੍ਰਿੰ. ਅਸ਼ੋਕ ਕੁਮਾਰ, ਕਸ਼ਮੀਰ ਸਿੰਘ, ਸੁੱਖ ਰਾਮ, ਅਮਰੀਕ ਸਿੰਘ, ਨਰਿੰਦਰ ਸੂਦਨ, ਸੁਰਿੰਦਰ ਪਾਲ, ਰੇਸ਼ਮ ਲਾਲ, ਸੋਮਾ ਰਾਣੀ, ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਤ ਮੰਤਰੀ ਦੀ ਵਾਅਦਾ ਖਿਲਾਫੀ ਦੇ ਖਿਲਾਫ 6 ਜਨਵਰੀ ਤੋਂ 8 ਜਨਵਰੀ ਤਕ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਰਕਾਰ ਦੀਆਂ ਥਾਂ ਥਾਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ । ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਦੀ ਰਿਪੋਰਟ 31 ਦਸੰਬਰ ਤਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੀ .ਐੱਸ .ਟੀ. ਦਾ ਪੈਸਾ ਕੇਂਦਰ ਤੋਂ ਆਉਣ ਉਪਰੰਤ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਅਤੇ ਰਹਿੰਦੇ ਬਕਾਏ ਦਾ ਭੁੁਗਤਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤ ਮੰਤਰੀ ਆਪਣੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉੁੁਤਰਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਅੰਦਰ ਵਿਆਪਕ ਰੋਸ ਹੈ। ਆਗੂਆਂ ਆਖਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਵੱਲੋਂ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਮਿਡ-ਡੇ-ਮੀਲ ਵਰਕਰਾਂ ਨਾਲ ਅਪ੍ਰੈਲ ਮਹੀਨੇ ਤੋਂ 3000 ਰੁਪੲੇ ਮਹੀਨੇ ਦੀ ਉਜਰਤ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ, ਪੁਨਰਗਠਨ ਦੇ ਨਾਂ ਉੱਤੇ ਵੱਖ- ਵੱਖ ਅਦਾਰਿਆਂ ਅੰਦਰ ਅਸਾਮੀਆਂ ਖ਼ਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਿਆ ਪ੍ਰਤੀ ਮਹੀਨਾ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾ ਰਿਹਾ। ਸਾਂਝਾ ਫਰੰਟ ਦੇ ਆਗੂਆਂ ਨੇ ਕਿਸਾਨੀ ਅੰਦੋਲਨ ਦਾ ਪੂਰਨ ਸਮਰਥਨ ਕਰਨ ਦਾ ਅਹਿਦ ਦੁਹਰਾਉਂਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦਾ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੀ ਆਜ਼ਾਦੀ ਦੀ ਰਾਖੀ ਲੲੀ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲੲੀ ਪੰਜਾਬ ਦਾ ਮੁਲਾਜ਼ਮ ਅਤੇ ਪੈਨਸ਼ਨਰ ਕਿਸਾਨੀ ਅੰਦੋਲਨ ਦੀ ਜਿੱਤ ਤੱਕ ਕਿਸਾਨਾਂ ਦਾ ਸਮਰਥਨ ਕਰੇਗਾ। ਇਸ ਮੌਕੇ ਅਜਮੇਰ ਸਿੰਘ, ਹਰਮੇਸ਼ ਲਾਲ, ਹੈਡਮਾਸਟਰ ਦੀਦਾਰ ਸਿੰਘ, ਹਰਭਜਨ ਸਿੰਘ, ਅੈਚ ਅੈਸ ਭਾਵੜਾ, ਕੁਲਵਿੰਦਰ ਕੌਰ, ਅਸ਼ੋਕ ਕੁਮਾਰ, ਸੰਤੋਖ ਸਿੰਘ, ਅਮਰੀਕ ਸਿੰਘ ਭੰਗਲ, ਜਸਵੀਰ ਸਿੰਘ ਮੰਗੂਵਾਲ, ਨਿਰਮਲ ਦਾਸ, ਜਰਨੈਲ ਸਿੰਘ, ਸੁਰਜੀਤ ਰਾਮ ਆਦਿ ਹਾਜ਼ਰ ਸਨ।