ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਵਧੀਆ ਰੌਣਕਾਂ, ਅਧਿਆਪਕਾਂ, ਮਾਪਿਆਂ ਤੇ ਬੱਚਿਆਂ 'ਚ ਦੇਖਣ ਨੂੰ ਮਿਲਿਆ ਉਤਸ਼ਾਹ

ਪਟਿਆਲਾ 7 ਜਨਵਰੀ: (ਐਨ ਟੀ)  ਸਕੂਲ ਮੁਖੀਆਂ, ਅਧਿਆਪਕਾਂ ਤੇ ਮਾਪਿਆਂ ਵੱਲੋਂ ਲਗਾਤਾਰ ਬੱਚਿਆਂ ਦੀ ਪੜ੍ਹਾਈ ਪ੍ਰਤੀ ਜ਼ਾਹਿਰ ਕੀਤੀ ਜਾ ਰਹੀ ਚਿੰਤਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲ ਅੱਜ ਕਾਫ਼ੀ ਲੰਬੇ ਅਰਸੇ ਬਾਅਦ 5ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹ ਗਏ ਹਨ। ਰਾਜ ਸਰਕਾਰ ਦੇ ਇਸ ਸ਼ਲਾਘਾਯੋਗ ਫ਼ੈਸਲੇ ਦਾ ਸਰਕਾਰੀ ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਭਰਵਾਂ ਸਵਾਗਤ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਅੱਜ ਵਿਦਿਆਰਥੀਆਂ ਦਾ ਸਕੂਲ ਪੁੱਜਣ 'ਤੇ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਸਕੂਲ ਖੁੱਲ੍ਹਣ ਮੌਕੇ ਸਿੱਖਿਆ ਵਿਭਾਗ ਵੱਲੋਂ ਪਹਿਲਾ ਤੋਂ ਹੀ ਤੈਅ ਮਾਪੇ-ਅਧਿਆਪਕ ਮਿਲਣੀਆਂ ਮੌਕੇ ਵੱਡੀ ਗਿਣਤੀ 'ਚ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ ਲਈ ਸਕੂਲਾਂ 'ਚ ਪੁੱਜੇ। ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨੂੰ ਵਿਭਾਗ ਦੇ ਉਪਰਾਲਿਆਂ ਬਾਰੇ ਅਤੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਣ ਦੇ ਨਾਲ-ਨਾਲ ਕੋਵਿਡ-19 ਸਬੰਧੀ ਨਿਯਮਾਂ ਲਈ ਬੱਚਿਆਂ ਨੂੰ ਸੁਚੇਤ ਰੱਖਣ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹਰੇਕ ਸਕੂਲ ਮੁਖੀ ਤੇ ਅਧਿਆਪਕ ਨੇ ਵੀ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਅਤੇ ਬੱਚਿਆਂ ਨੂੰ ਨਿਯਮਾਂ ਦੀ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਡੀ.ਈ.ਓਜ਼. ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ ਵਿਭਾਗ ਦੇ ਨਵੇਂ ਟੀਚਿਆਂ, ਮਿਸ਼ਨ ਸ਼ਤ ਪ੍ਰਤੀਸ਼ਤ, ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ, ਆਧੁਨਿਕੀਕਰਨ, ਸਮਾਰਟ ਕਲਾਸ ਰੂਮਜ਼ ਮੁਹਿੰਮ ਤੇ ਹੋਰਨਾਂ ਨਿਵੇਕਲੇ ਪਹਿਲੂਆਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਹੁਤ ਸਾਰੇ ਸਕੂਲਾਂ 'ਚ ਬੱਚੇ ਵੀ ਆਪਣੇ ਅਧਿਆਪਕਾਂ ਨੂੰ ਲੰਬੇ ਅਰਸੇ ਬਾਅਦ ਮਿਲਣ 'ਤੇ ਖੁਸ਼ ਨਜ਼ਰ ਆਏ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੇ ਪ੍ਰਿੰ. ਮਨਮੋਹਨ ਸਿੰਘ ਨੇ ਦੱਸਿਆ ਕਿ ਅੱਜ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਸਕੂਲ ਖੁੱਲ੍ਹਣ ਨਾਲ ਜਿੱਥੇ ਬੱਚਿਆਂ 'ਚ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ। ਬਹੁਤ ਸਾਰੇ ਮਾਪਿਆਂ ਨੇ ਕਰੋਨਾ ਸੰਕਟ ਦੌਰਾਨ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਸਬੰਧੀ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲਾਂ 'ਚ ਪਹਿਲਾ ਤੋਂ ਹੀ ਕੋਵਿਡ-19 ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਹੁਣ ਬੱਚਿਆਂ ਦੀ ਗਿਣਤੀ ਵਧਣ ਨਾਲ ਵੀ ਨਿਯਮਾਂ ਦੀ ਪਾਲਣਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਇੱਕ ਵਿਦਿਆਰਥਣ ਦੇ ਪਿਤਾ ਸ੍ਰੀ ਰੁਪਿੰਦਰ ਸਿੰਘ ਨੇ ਕਿਹਾ ਕਿ ਜੋ ਕੁਝ ਬੱਚਾ ਸਕੂਲ 'ਚ ਆ ਕੇ ਸਿੱਖਦਾ ਹੈ, ਉਹ ਘਰ ਬੈਠਕੇ ਨਹੀਂ ਸਿੱਖ ਸਕਦਾ। ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਲਈ ਸਕੂਲ ਖੁੱਲ੍ਹਣੇ ਲਾਜ਼ਮੀ ਸਨ ਅਤੇ ਹੁਣ ਤਾਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ। ਇਸ ਕਰਕੇ ਸਕੂਲ ਖੁੱਲ੍ਹਣੇ ਵੀ ਜ਼ਰੂਰੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਬੱਚੇ ਕੋਵਿਡ-19 ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਪਾ ਚੁੱਕੇ ਹਨ।
ਤਸਵੀਰਾਂ:-ਮਲਟੀਪਰਪਜ਼ ਸਕੂਲ 'ਚ ਪ੍ਰਿੰ. ਤੋਤਾ ਸਿੰਘ ਚਹਿਲ ਤੇ ਸਟਾਫ਼ ਬੱਚਿਆਂ ਦਾ ਹਾਰ ਪਾ ਕੇ ਸਵਾਗਤ ਕਰਦੇ ਹੋਏ ਅਤੇ ਸਵੇਰ ਦੀ ਸਭਾ ਦੀ ਝਲਕ