ਖੇਤੀ ਕਾਨੂੰਨਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਐਮ.ਪੀ ਤਿਵਾੜੀ ਨੇ ਕੀਤੀ ਨਿੰਦਾ


ਨਵਾਂਸ਼ਹਿਰ 10 ਜਨਵਰੀ: (ਐਨ ਟੀ) ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਸਾਨ ਜਥੇਬੰਦੀਆਂ ਨਾਲ ਕਈ ਮੀਟਿੰਗਾਂ ਦੇ ਬਾਵਜੂਦ ਖੇਤੀ ਕਾਨੂੰਨ ਵਾਪਸ ਨਾ ਲੈਣ ਨੂੰ ਲੈ ਕੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਭਾਰੀ ਨਿੰਦਾ ਕੀਤੀ ਹੈ, ਜਿਸ ਨੇ ਕਿਸਾਨਾਂ ਦੀਆਂ ਦੁੱਖ-ਤਕਲੀਫਾਂ ਪ੍ਰਤੀ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਅੱਜ ਐਮ.ਪੀ ਤਿਵਾੜੀ  ਪਿੰਡ ਪੱਲੀਝਿਕੀ ਵਿਚ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਸਤਬੀਰ ਸਿੰਘ ਪੱਲੀਝਿੱਕੀ ਦੇ ਨਿਵਾਸ ਵਿਖੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤਿਵਾੜੀ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਹੱਕਾਂ ਦੀ ਰਾਖੀ ਖ਼ਾਤਿਰ ਬੀਤੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 9 ਗੇੜ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪਰ ਸਰਕਾਰ ਹਾਲੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਅੜੀਅਲ ਰਵੱਈਆ ਅਪਣਾਏ ਹੋਏ ਹੈ। ਬਾਵਜੂਦ ਇਸਦੇ ਕਿ ਕਿਸਾਨ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ। ਐਮ.ਪੀ ਤਿਵਾੜੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਕਿਸਾਨ ਹਿਤੈਸ਼ੀ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਇਹਨਾਂ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ 'ਚ ਪ੍ਰਸਤਾਵ ਲੈ ਕੇ ਆਈ। ਉਨ੍ਹਾਂ ਕਿਹਾ ਕਿ ਉਹ ਗੁਜਰਾਤ ਕਾਂਗਰਸ ਦੇ ਇੰਚਾਰਜ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੀ ਆਦਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਖ਼ਿਲਾਫ਼ ਲੜਾਈ ਸਫ਼ਲਤਾ ਲਈ ਸਥਾਨਕ ਲੋਕਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਨੇ ਆਪਣੇ ਸਾਥੀਆਂ ਨਾਲ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਦਾ ਪਿੰਡ ਪੱਲੀ ਝਿੱਕੀ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀਆਂ ਜ਼ਰੂਰੀ ਮੁਸ਼ਕਲਾਂ ਸਬੰਧੀ ਵੀ ਜਾਣੂੰ ਕਰਵਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਵਿਰਾਜ ਟਿਰਕੇ ਐੱਸਡੀਐੱਮ, ਦਰਵਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਡਾ ਹਰਪ੍ਰੀਤ ਸਿੰਘ, ਰਜਿੰਦਰ ਸ਼ਰਮਾ, ਜੀਪੀ ਸਿੰਘ ਡੀਐੱਸਪੀ, ਬਲਕਾਰ ਸਿੰਘ ਸਰਪੰਚ, ਜਰਨੈਲ ਸਿੰਘ, ਰੂਪ ਲਾਲ ਸਾਬਕਾ ਸਰਪੰਚ, ਸੋਨੂੰ ਝਿੱਕਾ ਵੀ ਮੌਜੂਦ ਰਹੇ।