ਨਵੋਦਿਆ ਵਿਦਿਆਲਾ ਦਾਖਲੇ ਸਬੰਧੀ ਪਟਿਆਲਾ ਦੇ ਸਰਕਾਰੀ ਸਕੂਲ ਪੰਜਾਬ ਭਰ 'ਚੋਂ ਮੋਹਰੀ


ਪਟਿਆਲਾ, 2 ਜਨਵਰੀ: (ਐਨ ਟੀ) ਜਵਾਹਰ ਨਵੋਦਿਆ ਵਿਦਿਆਲਾ ਸਕੀਮ ਤਹਿਤ ਸਰਕਾਰੀ ਸਕੂਲਾਂ 'ਚ ਪੰਜਵੀਂ ਜਮਾਤ ਪਾਸ ਕਰਨ ਤੋਂ ਬਾਅਦ ਛੇਵੀਂ ਜਮਾਤ 'ਚ ਨਵੋਦਿਆ ਵਿਦਿਆਲਾ 'ਚ ਦਾਖਲਾ ਲੈਣ ਲਈ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਭ ਤੋਂ ਵਧੇਰੇ ਗਿਣਤੀ 'ਚ ਦਾਅਵੇਦਾਰੀ ਪੇਸ਼ ਕਰਕੇ, ਪੰਜਾਬ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਤੇ ਉਨ੍ਹਾਂ ਦੀ ਟੀਮ 'ਚ ਸ਼ਾਮਲ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਸੈਂਟਰ ਹੈਡ ਟੀਚਰਜ਼ ਦੀ ਪ੍ਰੇਰਨਾ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਯ 'ਚ ਦਾਖਲਾ ਲੈਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾ ਰਹੇ ਹਨ। ਇਸ ਸਬੰਧੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਫਤਹਿਪੁਰ ਰਾਜਪੂਤਾਂ 'ਚ ਸਥਾਪਤ ਜਵਾਹਰ ਨਵੋਦਿਆ ਵਿਦਿਆਲਾ ਦੇ ਪ੍ਰਿੰ. ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ 'ਚੋਂ 6469 ਵਿਦਿਆਰਥੀਆਂ ਨੇ ਛੇਵੀਂ ਜਮਾਤ 'ਚ ਦਾਖਲੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਜੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚੋਂ ਜਿਆਦਾ ਹੈ। ਪ੍ਰਿੰ. ਗੁਰਜਿੰਦਰ ਸਿੰਘ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਪਟਿਆਲਾ ਇੰਜੀ. ਅਮਰਜੀਤ ਸਿੰਘ ਨੂੰ ਮੁਬਾਰਕਬਾਦ ਦੇਣ ਲਈ ਪੁੱਜੇ। ਉਨ੍ਹਾਂ ਦੱਸਿਆ ਕਿ ਪਿਛਲੇ ਸ਼ੈਸ਼ਨ ਦੌਰਾਨ ਵੀ ਉਨ੍ਹਾਂ ਦੇ ਸਕੂਲ ਦੀਆਂ 80 ਸੀਟਾਂ 'ਚ 57 ਸੀਟਾਂ 'ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਬਜ਼ ਹੋਏ ਸਨ। ਜਿਸ ਤੋਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਤੇ ਉਨ੍ਹਾਂ ਦੀ ਟੀਮ ਦੀ ਮਿਹਨਤ ਸਾਫ ਝਲਕਦੀ ਹੈ। ਇੰਜੀ. ਅਮਰਜੀਤ ਸਿੰਘ ਨੇ ਉਮੀਦ ਜਾਹਿਰ ਕੀਤੀ ਕਿ ਜਿਸ ਤਰ੍ਹਾਂ ਨਵੋਦਿਆ ਵਿਦਿਆਲਯ 'ਚ ਦਾਖਲਾ ਲਈ ਰਾਜ 'ਚ ਸਭ ਤੋਂ ਵੱਧ ਪਟਿਆਲਾ ਦੇ ਵਿਦਿਆਰਥੀਆਂ ਨੇ ਫਾਰਮ ਭਰੇ ਹਨ, ਉਸੇ ਤਰ੍ਹਾਂ ਦਾਖਲਾ ਪ੍ਰੀਖਿਆ ਪਾਸ ਕਰਕੇ, ਦਾਖਲਾ ਲੈਣ 'ਚ ਵੀ ਸਭ ਤੋਂ ਵੱਧ ਵਿਦਿਆਰਥੀ ਉਨ੍ਹਾਂ ਦੇ ਜਿਲ੍ਹੇ 'ਚੋਂ ਹੀ ਹੋਣਗੇ।
ਤਸਵੀਰ:- ਪ੍ਰਿੰ. ਗੁਰਜਿੰਦਰ ਸਿੰਘ, ਡੀ.ਈ.ਓ. (ਇੰਜੀ.) ਅਮਰਜੀਤ ਸਿੰਘ ਨੂੰ ਗੁਲਦਸਤਾ ਭੇਂਟ ਕਰਦੇ ਹੋਏ।